ਭਦੌੜ, 3 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਦੇ ਸਮੀਕਰਨ ਬਦਲੇ ਹਨ, ਉੱਥੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸ਼ਿਰਾਜ਼ ਗਰਗ ਪਤਨੀ ਮਨੀਸ਼ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਕਸਬੇ ਦੇ ਵਾਰਡਾਂ 'ਚੋਂ ਹੀ ਨਹੀਂ, ਬਲਕਿ ਜ਼ਿਲ੍ਹੇ 'ਚੋਂ ਸਭ ਤੋਂ ਵੱਧ ਵੋਟ ਫ਼ੀਸਦੀ ਹਾਸਲ ਕਰ ਕੇ ਆਪਣੀ ਸਿਆਸੀ ਤਾਕਤ ਦਾ ਲੋਹਾ ਮਨਵਾਇਆ ਹੈ | ਚੋਣ ਨਤੀਜਿਆਂ ਆਏ ਅੰਕੜਿਆਂ ਵਿਚ ਸ੍ਰੀਮਤੀ ਸ਼ਿਰਾਜ਼ ਗਰਗ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫ਼ਰਕ ਨਾਲ ਹਰਾਉਂਦਿਆਂ ਕੁਲ ਪੋਲ ਹੋਈਆਂ 787 ਵੋਟਾਂ ਵਿਚੋਂ 82 ਫ਼ੀਸਦੀ ਵੋਟਾਂ ਹਾਸਲ ਕਰ ਕੇ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚੋਂ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਇੱਥੇ ਇਹ ਦੱਸਣਾ ਬਣਦਾ ਹੈ ਕਿ ਸ਼ਿਰਾਜ਼ ਗਰਗ ਦੇ ਪਤੀ ਮਨੀਸ਼ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ 511 ਵੋਟਾਂ ਦੀ ਲੀਡ ਲੈ ਕੇ 72 ਫ਼ੀਸਦੀ ਵੋਟਾਂ ਲੈਣ ਵਿਚ ਸਫਲ ਹੋਏ ਸਨ ਤੇ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਚੰਗਾ ਮਿਲਵਰਤਨ ਤੇ ਵਿਕਾਸ ਕੰਮਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਜਗ੍ਹਾ ਬਣਾਉਣਾ ਵੀ ਇਸ ਜਿੱਤ ਵਿਚ ਵਿਖਾਈ ਦੇ ਰਿਹਾ ਹੈ | ਇਸ ਵੱਡੀ ਜਿੱਤ ਦੀ ਖ਼ੁਸ਼ੀ ਉਪਰ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਵਾਰਡ ਵਾਸੀਆਂ ਨੇ ਸਾਡੇ ਦੁਆਰਾ ਕੀਤੇ ਵਿਕਾਸ ਕੰਮਾਂ ਉਪਰ ਮੋਹਰ ਲਾ ਕੇ ਸਾਡੇ ਪਰਿਵਾਰ ਉਪਰ ਭਰੋਸਾ ਜਤਾਇਆ ਹੈ |