21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਲਈ ਜਾਰੀ ਵੋਟਰ ਸੂਚੀਆਂ ਦੇ ਖਰੜੇ ਨੇ ਖੜ੍ਹੇ ਕੀਤੇ ਵਾਰਡਾਂ ਦੀ ਹੱਦਬੰਦੀ 'ਤੇ ਸਵਾਲ <br/>

ਅਜੀਤ ਡੈਸਕ 18-04-2026
ਬਰਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਗਈਆਂ 50 ਵਾਰਡਾਂ ਦੀਆਂ ਵੋਟਰ ਸੂਚੀਆਂ ਦੇ ਖਰੜੇ ਨੇ ਇੱਕ ਵਾਰ ਫਿਰ ਵਾਰਡਾਂ ਦੀ ਬਣਾਈ ਗਈ ਹੱਦਬੰਦੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਭਦੌੜ, ਨਗਰ ਕੌਂਸਲ ਧਨੌਲਾ, ਨਗਰ ਕੌਂਸਲ ਤਪਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ 15 ਅਪ੍ਰੈਲ ਨੂੰ ਕੀਤੀ ਗਈ ਹੈ | ਨਗਰ ਨਿਗਮ ਬਰਨਾਲਾ ਦੇ ਵਾਰਡਾਂ ਦੀ ਜਾਰੀ ਕੀਤੀ ਗਈ ਸੂਚੀ ਮੁਤਾਬਕ ਵਾਰਡ ਨੰਬਰ 19 ਵਿਚ ਸਿਰਫ਼ 448 ਵੋਟਾਂ ਦਰਸਾਈਆਂ ਗਈਆਂ ਹਨ, ਜਿਨ੍ਹਾਂ ਵਿਚ ਪੁਰਸ਼ ਵੋਟਰ 228 ਤੇ ਮਹਿਲਾ ਵੋਟਰ 220 ਹਨ ਜੋ ਕਿ ਕਿਸੇ ਵੀ ਨਗਰ ਨਿਗਮ ਦੇ ਵਾਰਡ ਲਈ ਬੇਹੱਦ ਘੱਟ ਗਿਣਤੀ ਹੈ | ਇਸ ਦੇ ਬਿਲਕੁਲ ਉਲਟ ਵਾਰਡ ਨੰਬਰ 29 ਵਿਚ ਵੋਟਰਾਂ ਦੀ ਗਿਣਤੀ 3352 ਤੱਕ ਪਹੁੰਚ ਗਈ ਹੈ | ਇੱਕੋ ਸ਼ਹਿਰ ਦੇ ਦੋ ਵਾਰਡਾਂ ਵਿਚ ਵੋਟਰਾਂ ਦੀ ਗਿਣਤੀ ਦਾ ਇਹ ਵੱਡਾ ਪਾੜਾ (ਲਗਭਗ 7 ਗੁਣਾ ਫ਼ਰਕ) ਹੱਦਬੰਦੀ ਦੀ ਪ੍ਰਕਿਰਿਆ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਰਿਹਾ ਹੈ | ਜ਼ਿਕਰਯੋਗ ਹੈ ਕਿ ਜਦੋਂ ਵਾਰਡਾਂ ਦੀ ਨਵੀਂ ਹੱਦਬੰਦੀ ਦੇ ਖਰੜੇ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਤਾਂ ਉਸ ਸਮੇਂ ਕਈ ਸਾਬਕਾ ਕੌਂਸਲਰਾਂ ਅਤੇ ਸਿਆਸੀ ਆਗੂਆਂ ਨੇ ਪ੍ਰਸ਼ਾਸਨ ਉੱਪਰ ਪੱਖਪਾਤ ਅਤੇ ਤਰੁੱਟੀਆਂ ਦੇ ਦੋਸ਼ ਲਗਾਏ ਸਨ | ਤਾਜ਼ਾ ਵੋਟਰ ਸੂਚੀਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੱਦਬੰਦੀ ਦੌਰਾਨ ਆਬਾਦੀ ਦੇ ਸੰਤੁਲਨ ਨੂੰ ਪੂਰੀ ਤਰ੍ਹਾਂ ਅੱਖੋਂ-ਓਹਲੇ ਕੀਤਾ ਗਿਆ ਹੈ |
ਪ੍ਰਸ਼ਾਸਨ ਦੀ ਨਲਾਇਕੀ ਨੇ ਲੋਕਤੰਤਰ ਦਾ ਮਜ਼ਾਕ ਉਡਾਇਆ - ਮੱਖਣ ਸ਼ਰਮਾ
ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੇ ਨਗਰ ਨਿਗਮ ਦੀਆਂ ਵੋਟਰ ਸੂਚੀਆਂ ਦੇ ਖਰੜੇ ਵਿਚ ਸਾਹਮਣੇ ਆਈਆਂ ਵੱਡੀਆਂ ਖ਼ਾਮੀਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਾਰਡਾਂ ਦੀ ਹੱਦਬੰਦੀ ਅਤੇ ਵੋਟਾਂ ਦੀ ਵੰਡ ਵਿਚ ਕੀਤੀ ਗਈ ਅਣਗਹਿਲੀ ਨੇ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇੱਕ ਵਾਰਡ ਵਿਚ ਸਿਰਫ਼ 448 ਵੋਟਾਂ ਹਨ ਅਤੇ ਇੱਕ ਵਾਰਡ ਵਿਚ ਵੋਟਾਂ ਦੀ ਗਿਣਤੀ 3300 ਤੋਂ ਵੱਧ ਹੈ | ਇਹ ਗੜਬੜੀ ਕਿਸੇ ਡੂੰਘੀ ਸਾਜ਼ਿਸ਼ ਜਾਂ ਪ੍ਰਸ਼ਾਸਨਿਕ ਨਲਾਇਕੀ ਦਾ ਨਤੀਜਾ ਹੈ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵੋਟਰ ਸੂਚੀਆਂ ਅਤੇ ਹੱਦਬੰਦੀ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਅਤੇ ਵੋਟਾਂ ਦੀ ਵੰਡ ਤਰਕਪੂਰਨ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਹਰ ਨਾਗਰਿਕ ਨੂੰ ਬਰਾਬਰ ਦੀ ਪ੍ਰਤੀਨਿਧਤਾ ਮਿਲ ਸਕੇ |

ਪਿਛਲੀ ਖ਼ਬਰ ਅਸਮਾਨੀ ਬਿਜਲੀ ਡਿਗਣ ਨਾਲ ਤਿੰਨ ਏਕੜ ਖੜ੍ਹੀ ਕਣਕ ਅਤੇ ਨਾੜ ਸੜਿਆ <br/> ਅਗਲੀ ਖ਼ਬਰ ਕਿਸਾਨ ਪੱਕੀ ਫ਼ਸਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤਣ-ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।