ਬਰਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਬਰਨਾਲਾ ਦੀ ਬਾਰ੍ਹਵੀਂ ਦੀ ਵਿਦਿਆਰਥਣ ਅਲੀਸ਼ਾ ਰਾਣੀ ਦੀ ਚੋਣ ਜਪਾਨ ਦੇ ਵਿੱਦਿਅਕ ਦੌਰੇ ਲਈ ਹੋਈ ਹੈ | ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਲੀਸ਼ਾ ਰਾਣੀ ਪੁੱਤਰੀ ਆਸ਼ੂ ਕੁਮਾਰ ਵਾਸੀ ਬਰਨਾਲਾ ਨੂੰ ਡੀਪਾਰਟਮੈਂਟ ਆਫ਼ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ, ਸਿੱਖਿਆ ਮੰਤਰਾਲੇ ਰਾਹੀਂ ਸਾਕੁਰਾ ਸਾਇੰਸ ਹਾਈ ਸਕੂਲ ਪ੍ਰੋਗਰਾਮ-2026 ਲਈ ਚੁਣਿਆ ਗਿਆ ਹੈ ਜੋ ਕਿ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਗਿਆਨ ਵਧਾਉਣ ਲਈ 24 ਮਈ ਤੋਂ 30 ਮਈ 2026 ਤੱਕ ਜਪਾਨ ਦੌਰੇ 'ਤੇ ਜਾਵੇਗੀ | ਉਹ ਦੇਸ਼ ਭਰ ਦੇ ਚੁਣੇ 56 ਅਤੇ ਪੰਜਾਬ ਤੋਂ ਚੁਣੇ 3 ਵਿਦਿਆਰਥੀਆਂ ਵਿਚ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮੇਂ ਸਮੇਂ 'ਤੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਦਿੱਤੇ ਜਾਂਦੇ ਹਨ ਅਤੇ ਇਹ ਬੇਹੱਦ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਬੜੀ ਮਿਹਨਤ ਅਤੇ ਕਾਬਲੀਅਤ ਨਾਲ ਅਜਿਹੇ ਸੁਨਹਿਰੇ ਮੌਕੇ ਹਾਸਲ ਕਰ ਕੇ ਅੱਗੇ ਵਧ ਰਹੇ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਦਿਅਕ ਦੌਰੇ ਲਈ ਸਿੱਖਿਆ ਮੰਤਰਾਲੇ ਵਲੋਂ ਕੌਮੀ ਪੱਧਰ ਦੀ ਪ੍ਰਾਪਤੀ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਕੰਨਿਆ ਸਕੂਲ ਦੀ ਅਲੀਸ਼ਾ ਰਾਣੀ ਵਲੋਂ ਪਹਿਲਾਂ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਇਮਤਿਹਾਨ ਵੀ ਪਾਸ ਕੀਤਾ ਗਿਆ ਸੀ ਜਿਸ ਅਧੀਨ ਉਹ 8ਵੀਂ ਜਮਾਤ ਤੋਂ 12000 ਰੁਪਏ ਪ੍ਰਤੀ ਸਾਲ ਵਜ਼ੀਫ਼ਾ ਲੈ ਰਹੀ ਹੈ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਅਲੀਸ਼ਾ ਰਾਣੀ ਨੇ 8ਵੀਂ ਜਮਾਤ ਵਿਚ ਵੀ ਮੈਰਿਟ ਵਿਚ ਸਥਾਨ ਬਣਾਇਆ ਸੀ ਅਤੇ 10ਵੀਂ ਵਿਚ ਵੀ 97 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਅਲੀਸ਼ਾ ਰਾਣੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਸ ਦੀ ਇੱਛਾ ਸੀ ਕਿ ਉਸ ਨੂੰ ਅਜਿਹੇ ਵਿੱਦਿਅਕ ਟੂਰ ਉੱਤੇ ਜਾਣ ਦਾ ਮੌਕਾ ਮਿਲੇ | ਇਹ ਟੂਰ ਉਸ ਲਈ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਨਵਾਂ ਸਿੱਖਣ ਅਤੇ ਅੱਗੇ ਵਧਣ ਦਾ ਰਾਹ ਦਸੇਰਾ ਬਣੇਗਾ | ਅਲੀਸ਼ਾ ਨੇ ਕਿਹਾ ਕਿ ਉਸ ਦੀ ਸਫਲਤਾ ਦਾ ਸਿਹਰਾ ਸਕੂਲ ਪਿ੍ੰਸੀਪਲ ਵਿਨਸੀ ਜਿੰਦਲ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਪੰਕਜ ਗੋਇਲ ਸਮੇਤ ਸਾਰੇ ਅਧਿਆਪਕਾਂ ਨੂੰ ਜਾਂਦਾ ਹੈ | ਅਲੀਸ਼ਾ ਰਾਣੀ ਦੇ ਪਿਤਾ ਆਸ਼ੂ ਕੁਮਾਰ ਅਤੇ ਮਾਤਾ ਰਿੰਪੀ ਰਾਣੀ ਨੇ ਧੀ ਦੀ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਕਾਰ ਤਰਫ਼ੋਂ ਅਲੀਸ਼ਾ ਨੂੰ ਜਪਾਨ ਜਾਣ ਦਾ ਮੌਕਾ ਮਿਲ ਰਿਹਾ ਹੈ ਜੋ ਕਿ ਉਨ੍ਹਾਂ ਲਈ ਬੇਹੱਦ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ |