21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਢਾਈ ਦਹਾਕਿਆਂ ਤੋਂ ਨਿਕਾਸੀ ਪਾਣੀ ਦਾ ਸਾਰਥਿਕ ਹੱਲ ਨਾ ਹੋਣ ਕਰ ਕੇ ਮੰਡੀ ਨਿਵਾਸੀ ਜਿੱਲਤ ਦੀ ਜੂਨ ਹੰਢਾਉਣ ਲਈ ਮਜਬੂਰ

ਅਜੀਤ ਡੈਸਕ 01-04-2026
ਧਨੌਲਾ, 31 ਮਾਰਚ (ਜਤਿੰਦਰ ਸਿੰਘ ਧਨੌਲਾ)-19488 ਦੀ ਆਬਾਦੀ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠੀ ਮੰਡੀ ਧਨੌਲਾ ਸੱਤਾਧਾਰੀ ਧਿਰਾਂ ਦੇ ਖਿਲਵਾੜ ਦਾ ਸੇਕ ਸਹਿ-ਸਹਿ ਕੇ ਲਾਚਾਰੀ ਦੇ ਆਲਮ ਵਿਚੋਂ ਦੀ ਗੁਜ਼ਰਦੀ ਚੱਲੀ ਆ ਰਹੀ ਹੈ | ਮੰਡੀ ਧਨੌਲਾ ਦੇ ਨਿਕਾਸੀ ਪਾਣੀ ਦੀ ਸਮੱਸਿਆ ਢਾਈ ਦਹਾਕਿਆਂ ਤੋਂ ਮੰਡੀ ਨਿਵਾਸੀਆਂ ਲਈ ਨਾਸੂਰ ਬਣ ਕੇ ਰਹਿ ਗਈ ਹੈ | ਸੈਂਕੜੇ ਖ਼ਬਰਾਂ ਪ੍ਰਕਾਸ਼ਿਤ ਹੋਈਆਂ | ਪ੍ਰੰਤੂ ਸੱਤਾਧਾਰੀ ਧਿਰ ਦੇ ਨੇਤਾ ਮਗਰਮੱਛ ਦੇ ਅੱਥਰੂ ਕੇਰਨ ਤੱਕ ਸੀਮਤ ਰਹੇ | ਜ਼ਿਲ੍ਹੇ ਦਾ ਕਾਰਜ ਸੰਭਾਲਣ ਵਾਲੇ ਕੁੱਝ ਅਧਿਕਾਰੀ ਅਜਿਹੇ ਵੀ ਆਏ ਜਿਹੜੇ ਆਪਣੀਆਂ ਤਜੌਰੀਆਂ ਦਾ ਗਰਾਫ ਅੰਬਰੀ ਲਿਜਾਣ ਲਈ ਚਰਚਾ ਵਿਚ ਤਾਂ ਆਏ, ਪ੍ਰੰਤੂ ਧਨੌਲਾ ਦੀ ਭੂਗੋਲਿਕ ਸਥਿਤੀ ਦਾ ਅਗਲੇ ਪੜਾਅ ਤੱਕ ਬਦਲੀ ਹੋ ਕੇ ਜਾਣ ਤੱਕ ਕਦੇ ਦੀਦਾਰ ਤੱਕ ਨਹੀਂ ਕੀਤਾ | ਸਥਿਤੀ ਇਹ ਵੀ ਰਹੀ ਕਿ ਰਾਜਨੀਤਿਕ ਪਿੜ ਬਦਲਦੇ ਰਹੇ, ਪ੍ਰੰਤੂ ਹਰ ਕਿਸੇ ਨੇ ਧਨੌਲੇ ਦੀ ਨਿਕਾਸੀ ਅਤੇ ਇੱਥੋਂ ਤੇ ਲੜਕੀਆਂ ਦੇ ਸਕੂਲ ਦੀ ਉਸਾਰੀ ਨੂੰ ਲੈ ਕੇ ਸ਼ਬਦ ਵਿੱਦਿਆ ਅਤੇ ਪ੍ਰਚਾਰ ਰਾਹੀਂ ਰੱਜ ਕੇ ਰਾਜਨੀਤਕ ਰੋਟੀਆਂ ਸੇਕੀਆਂ | ਲਾਚਾਰੀਆਂ ਦੇ ਝੰਬੇ ਲੋਕ ਹਰ ਕਿਸੇ ਤੋਂ ਰਾਮ ਰਾਜ ਸਥਾਪਿਤ ਹੋਣ ਦੇ ਰਾਹ ਤੱਕਦੇ ਰਹੇ | ਪ੍ਰੰਤੂ ਮੰਡੀ ਦੇ ਸੰਜੀਦਾ ਮਸਲਿਆਂ ਦੇ ਹੱਲ ਲਈ ਕਿਸੇ ਨੇ ਕਾਰਗਰ ਭੂਮਿਕਾ ਅਦਾ ਨਹੀਂ ਕੀਤੀ | ਇਸ ਤ੍ਰਾਸਦੀ ਦੇ ਵਿਚੋਂ ਇਕ ਸਵਾਲ ਉੱਭਰ ਕੇ ਇਹ ਵੀ ਸਾਹਮਣੇ ਆਇਆ ਕਿ ਇਸ ਮੰਡੀ ਵਿਚ ਅਨੇਕਾਂ ਧਾਰਮਿਕ ਕਮੇਟੀਆਂ, ਸਪੋਰਟਸ ਕਲੱਬ, ਸ਼ੈਲਰ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ ਵਰਗੀਆਂ ਨਰੋਈਆਂ ਧਿਰਾਂ ਮੌਜੂਦ ਹਨ | ਸੱਤਾਧਾਰੀ ਧਿਰ ਦੇ ਪ੍ਰਚਾਰਕ ਅਕਸਰ ਇਹ ਗੱਲ ਕਹਿੰਦੇ ਸੁਣਾਈ ਦਿੰਦੇ ਹਨ | ਕਿ ਇੱਥੇ ਬੜੀ ਜਲਦੀ ਟਰੀਟਮੈਂਟ ਪਲਾਂਟ ਚਾਲੂ ਕਰ ਦਿੱਤਾ ਜਾਵੇਗਾ | ਪ੍ਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਟਰੀਟਮੈਂਟ ਪਲਾਂਟ ਨੂੰ ਚੱਲਣ ਵਿਚ ਕਿੰਨੀ ਦੇਰ ਲੱਗਦੀ ਹੈ ਅਤੇ ਉਹ ਨਿਕਾਸੀ ਲਈ ਕਿਸ ਹੱਦ ਤੱਕ ਕਾਰਗਰ ਸਾਬਤ ਹੋ ਸਕਦਾ ਹੈ | ਮੌਜੂਦਾ ਸਥਿਤੀ ਇਹ ਹੈ ਕਿ ਸੀਵਰੇਜ ਲਾਈਨਾਂ ਗਾਰ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ | ਟਿਊਬਵੈੱਲ 'ਤੇ ਲਗਾਈ ਗਈ ਮੋਟਰ ਲੰਘੇ ਡੰਗ ਕੰਮ ਕਰਦੀ ਹੈ ਅਤੇ ਜ਼ਿਆਦਾ ਸਮਾਂ ਕਾਗ਼ਜ਼ਾਂ ਵਿਚ ਸੜਨ ਅਤੇ ਮੁੜ ਬੰਨ੍ਹਣ ਲਈ ਭੇਜੀ ਹੋਣ ਬਾਰੇ ਚਰਚਾ ਵਿਚ ਰਹਿੰਦੀ ਹੈ | ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ, ਸਨਾਤਨ ਧਰਮ ਸਭਾ ਦੇ ਆਗੂ ਬਾਬੂ ਜਨਕ ਰਾਜ, ਭਾਈ ਘਨੱਈਆ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ, ਉੱਘੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਆਖਿਆ ਕਿ ਮੰਡੀ ਦੇ ਨਿਕਾਸੀ ਪ੍ਰਬੰਧਾਂ ਦੇ ਸਾਰਥਿਕ ਹੱਲ ਲਈ ਮੰਡੀ ਦੀਆਂ ਸਮੁੱਚੀਆਂ ਧਿਰਾਂ ਨੂੰ ਭਰੋਸੇ ਵਿਚ ਲੈ ਕੇ ਨਿੱਗਰ ਯੋਜਨਾ ਬਣਾਈ ਜਾਵੇ | ਇੱਥੋਂ ਦੀਆਂ ਸੀਵਰ ਲਾਈਨਾਂ ਅਤੇ ਸੜਕ ਦੁਆਲੇ ਬਣੇ ਖੁੱਲ੍ਹੇ ਨਾਲਿਆਂ ਨੂੰ ਹੇਠਲੀ ਤਹਿ ਤੱਕ ਸੰਕਸ਼ਨ ਮਸ਼ੀਨਾਂ ਨਾਲ ਸਾਫ਼ ਕਰਵਾਇਆ ਜਾਵੇ | ਮੰਡੀ ਨੇੜਿਉਂ ਲੰਘਦੀ ਨੱਕੋ ਨੱਕ ਗਾਰ ਅਤੇ ਵੇਲ ਨਾਲ ਭਰੀ ਡਰੇਨ ਨੂੰ ਸਾਫ਼ ਕਰਵਾ ਕੇ ਮੰਡੀ ਦਾ ਪਾਣੀ ਲਗਾਤਾਰ ਡਰੇਨ ਵਿਚ ਪੈਂਦੇ ਰਹਿਣ ਲਈ ਰਸਤਾ ਪੱਧਰਾ ਕੀਤਾ ਜਾਵੇ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਮਹਿਲ ਕਲਾਂ ਦੀ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੁੜਨ ਦੀ ਅਪੀਲ <br/> ਅਗਲੀ ਖ਼ਬਰ ਬਰਨਾਲਾ ਦੀ ਵਿਦਿਆਰਥਣ ਅਲੀਸ਼ਾ ਰਾਣੀ ਦੀ ਜਪਾਨ ਦੇ ਵਿੱਦਿਅਕ ਦੌਰੇ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।