ਤਪਾ ਮੰਡੀ, 26 ਮਾਰਚ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਈਰਾਨ-ਇਜ਼ਰਾਈਲ ਜੰਗ ਦੇ ਚੱਲਦਿਆਂ ਗੈਸ ਅਤੇ ਪੈਟਰੋਲ ਤੇ ਡੀਜ਼ਲ ਦੀ ਕਿੱਲਤ ਹੋਣ ਦੀਆਂ ਅਫ਼ਵਾਹਾਂ ਦਾ ਦੌਰ ਜਾਰੀ ਹੈ | ਜਿਸ ਤਹਿਤ ਲੋਕਾਂ ਵਲੋਂ ਪੈਟਰੋਲ ਪੰਪਾਂ 'ਤੇ ਢੋਲਾਂ ਦੇ ਢੋਲ ਲੈ ਕੇ ਪਹੁੰਚਿਆ ਜਾ ਰਿਹਾ ਹੈ ਤਾਂ ਜੋ ਤੇਲ ਦੀ ਕਿਤੇ ਥੁੜ ਨਾ ਪੈ ਸਕੇ | ਜਿਸ ਨੂੰ ਲੈ ਕੇ ਤਪਾ ਸ਼ਹਿਰ ਦੇ ਪੈਟਰੋਲ ਪੰਪਾਂ 'ਤੇ ਲੋਕਾਂ ਤੇ ਕਿਸਾਨਾਂ ਵਲੋਂ ਵੱਡੇ-ਵੱਡੇ ਢੋਲ ਦੇ ਡਰੰਮ ਟਰੈਕਟਰ ਲਿਆਂਦੇ ਜਾ ਰਹੇ ਹਨ | ਟਰੈਕਟਰਾਂ 'ਤੇ ਤੇਲ ਦੇ ਡਰੰਮ ਲੈ ਕੇ ਪਹੁੰਚੇ ਕਿਸਾਨਾਂ ਨਾਲ ਜਦੋਂ ਗੱਲ ਕੀਤੀ ਉਨ੍ਹਾਂ ਕਿਹਾ ਕਿ ਕਿਤੇ ਗੈਸ ਦੀ ਕਿੱਲਤ ਵਾਂਗੂੰ ਤੇਲ ਦੀ ਕਮੀ ਜਾਂ ਤੇਲ ਕੀਮਤਾਂ ਵਿਚ ਵਾਧਾ ਨਾ ਹੋ ਜਾਵੇ ਜਿਸ ਕਰ ਕੇ ਤੇਲ ਭਰਵਾਇਆ ਜਾ ਰਿਹਾ ਹੈ | ਕਿਉਂਕਿ ਕੁੱਝ ਦਿਨਾਂ ਤੱਕ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਜੋ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਸਬੰਧੀ ਪੈਟਰੋਲ ਪੰਪ ਮਾਲਕ ਕੈਂਪਾਂ ਬਾਂਸਲ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕਿੱਲਤ ਨਹੀਂ ਅਤੇ ਤੇਲ ਕੰਪਨੀਆਂ ਵਲੋਂ ਹਰ ਰੋਜ਼ ਲੋੜ ਮੁਤਾਬਿਕ ਪੈਟਰੋਲ ਪੰਪਾਂ ਨੂੰ ਪੈਟਰੋਲ-ਡੀਜਲ ਦੀ ਨਿਰਵਿਘਨ ਸਪਲਾਈ ਭੇਜੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੋ ਆ ਕੇ 300, 400 ਲੀਟਰ ਡੀਜ਼ਲ ਦੀ ਮੰਗ ਕਰਦੇ ਹਨ | ਉਨ੍ਹਾਂ ਨੂੰ 100 ਲੀਟਰ ਤੋਂ ਵੱਧ ਡੀਜ਼ਲ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਡੀਜ਼ਲ ਤੇ ਪੈਟਰੋਲ ਦੀ ਕੋਈ ਵੀ ਕਿੱਲਤ ਨਹੀਂ ਹੈ | ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੋਕ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਕਿਉਂਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਲੋਕ ਤੇਲ ਦੀ ਜਮਾ ਖੋਰੀ ਕਰਨ ਦੇ ਵਿਚ ਲੱਗੇ ਹੋਏ ਹਨ ਤਾਂ ਜੋ ਵੀ ਕਿਤੇ ਤੇਲ ਦੀ ਕਿੱਲਤ ਨਾ ਆ ਜਾਵੇ ਪਰ ਅਜਿਹੀ ਕੋਈ ਵੀ ਸਮੱਸਿਆ ਆਉਣ ਵਾਲੇ ਸਮੇਂ ਵਿਚ ਨਹੀਂ ਆਵੇਗੀ |