ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਦਾਣਾ ਮੰਡੀ ਬਰਨਾਲਾ ਵਿਖੇ ਦੋਵੇਂ ਲੱਤਾਂ ਤੋਂ ਅੰਗਹੀਣ ਨੌਜਵਾਨ ਨੂੰ ਸਮਾਜ ਸੇਵੀਆਂ ਵਲੋਂ ਟਰਾਈਸਾਇਕਲ ਲੈ ਕੇ ਦਿੱਤੀ ਗਈ | ਪ੍ਰਧਾਨ ਕਰਨੈਲ ਸਿੰਘ ਸੱਦੋਵਾਲ, ਸਮਾਜ ਸੇਵੀ ਹਰਬੰਸ ਸਿੰਘ ਉਰਫ਼ ਬੂਟਾ ਗੌੜੀਆ (ਸਰਦਾਰ ਡੇਅਰੀ ਵਾਲੇ) ਅਤੇ ਕਾਲਾ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਬਰਨਾਲਾ ਵਿਖੇ ਦੋਵੇਂ ਲੱਤਾਂ ਤੋਂ ਅੰਗਹੀਣ ਨੌਜਵਾਨ ਰਹਿ ਰਿਹਾ ਸੀ, ਜਿਸ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਅਪਾਹਜ ਹੋਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਜਦ ਉਨ੍ਹਾਂ ਨੂੰ ਇਸ ਨੌਜਵਾਨ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਉਕਤ ਨੌਜਵਾਨ ਨੂੰ ਨਵੀਂ ਟਰਾਈਸਾਈਕਲ ਲੈ ਕੇ ਦਿੱਤੀ | ਨੌਜਵਾਨ ਕੁਲਦੀਪ ਸਿੰਘ, ਲਾਲ ਬਿਹਾਰੀ, ਸ਼ੰਕਰ ਕੁਮਾਰ, ਰਣਜੀਤ ਸਿੰਘ ਨੇ ਸਮਾਜ ਸੇਵੀਆਂ ਵਲੋਂ ਅਪਾਹਜ ਨੌਜਵਾਨ ਨੂੰ ਦਿੱਤੀ ਟਰਾਈਸਾਇਕਲ ਲਈ ਸ਼ਲਾਘਾ ਕੀਤੀ ਅਤੇ ਹੋਰਨਾਂ ਲੋਕਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ |