ਰਾੜਾ ਸਾਹਿਬ, 23 ਜੂਨ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘੁਡਾਣੀ ਕਲ੍ਹਾਂ ਵਿਖੇ ਸ਼ਹੀਦ ਕਾਮਰੇਡ ਨਿਧਾਨ ਸਿੰਘ ਸਪੁੱਤਰ ਬਚਨ ਸਿੰਘ ਪਿੰਡ ਘੁਡਾਣੀ ਕਲਾਂ ਦੀ 35ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ–ਸਤਿਕਾਰ ਦੇ ਫੁੱਲ ਭੇਟ ਕਰ ਕੀਤੇ ਗਏ। ਇਸ ਸਮੇਂ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਸ਼ਹੀਦ ਕਾਮਰੇਡ ਨਿਧਾਨ ਸਿੰਘ ਨੇ ਲੁੱਟੇ ਪੁੱਟੇ ਜਾਣ ਵਾਲੇ ਲੋਕਾਂ ਅਤੇ ਕਿਰਤੀ ਕਿਸਾਨਾਂ ਲਈ ਆਪਣਾ ਜੀਵਨ ਅਰਪਿਤ ਕੀਤਾ ਅਤੇ 23 ਜੂਨ 1991 ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਨਿਧਾਨ ਸਿੰਘ ਨੂੰ ਰਾਤ ਵੇਲੇ ਰੱਸਾ ਗਲ ਵਿੱਚ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ, ਕਿਉਂਕਿ ਉਹ ਖਾਲਿਸਤਾਨੀ ਦਹਿਸ਼ਤਗਰਦੀ ਅਤੇ ਸਰਕਾਰੀ ਜਬਰ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰਾਂ ਵੱਲੋਂ ਫ਼ਿਰਕੂ ਪੱਤੇ ਖੇਲ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਕਾਰਪੋਰੇਟਾਂ ਦੀਆਂ ਨੀਤੀਆਂ, ਬਿੱਲ ਲਿਆ ਕੇ ਉਨ੍ਹਾਂ ਕੰਪਨੀਆਂ ਦਾ ਪੱਖ ਪੂਰ ਰਹੇ ਹਨ ਤੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭੜਕਾ ਕੇ ਫ਼ਿਰਕੂ ਦੰਗਿਆਂ ਵੱਲ ਹੀ ਰੱਖਦੇ ਹਨ ਅਤੇ ਸਾਡੇ ਸਾਰੇ ਅਦਾਰੇ, ਜਲ, ਜੰਗਲ, ਜ਼ਮੀਨ ਤੇ ਸਾਡਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ ਸਾਨੂੰ ਸਾਰੇ ਤਬਕਿਆਂ ਨੂੰ ਸਾਂਝੇ ਸੰਘਰਸ਼ ਕਰਨ ਦੀ ਲੋੜ ਹੈ ਇਸ ਤੋਂ ਬਿਨਾਂ ਹੁਣ ਕੋਈ ਗੁਜ਼ਾਰਾ ਨਹੀਂ। ਉਨ੍ਹਾਂ ਕਿਹਾ ਕਿ ਆਉ ਅੱਜ ਸਾਰੇ ਇੱਕ ਪਲੇਟਫ਼ਾਰਮ ਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੀਏ ਤਾਂ ਹੀ ਸਾਡਾ ਆਉਣ ਵਾਲਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ।
ਪਿੰਡ ਘੁਡਾਣੀ ਕਲਾਂ ਵਿਖੇ ਸ਼ਹੀਦ ਕਾਮਰੇਡ ਨਿਧਾਨ ਸਿੰਘ ਦੀ 35ਵੀਂ ਬਰਸੀ ਮਨਾਈ
ਅਜੀਤ ਡੈਸਕ
24-06-2026