ਰਾੜਾ ਸਾਹਿਬ, 25 ਮਾਰਚ (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਘਲੋਟੀ ਵਿਖੇ ਨੌਜਵਾਨਾਂ ਅਤੇ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ਮੇਲਾ 28 ਮਾਰਚ ਨੂੰ ਰਾਤ ਸਮੇਂ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਸਮਾਜਿਕ ਅਤੇ ਵਿਗਿਆਨਕ ਸੇਧ ਦਿੰਦੀ ਸੋਚ ਨਾਲ ਜੁੜੇ ਨਾਟਕ, ਕੋਰਿਓਗ੍ਰਾਫੀ ਅਤੇ ਗੀਤ ਸੰਗੀਤ ਆਦਿ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ | ਚਰਚਿਤ ਲੋਕ ਗਾਇਕ ਜਗਸੀਰ ਜੀਦਾ ਆਪਣੀ ਟੀਮ ਸਮੇਤ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੰਗਕਰਮੀ ਹਰਜੀਤ ਵੈਦ ਅਤੇ ਗੁਰਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਸਲਾਨਾ ਨਾਟਕ ਮੇਲਿਆ ਦੀ ਸ਼ੁਰੂਆਤ 1986 ਵਿੱਚ ਕੀਤੀ ਗਈ ਸੀ ਭਾਵੇਂ ਸਮੇਂ ਸਮੇਂ ਤੇ ਉਤਰਾਅ ਚੜ੍ਹਾਅ ਵੀ ਆਉਂਦੇ ਰਹੇ ਪਰ ਸਾਥੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਲੜੀ ਨਿਰੰਤਰ ਚਲਦੀ ਰਹੀ | ਉਨ੍ਹਾਂ ਕਿਹਾ ਕਿ ਨਾਟਕ ਮੇਲਾ ਜਿੱਥੇ ਸ਼ਹੀਦ ਭਗਤ ਦੀ ਯਾਦ ਨੂੰ ਸਮਰਪਿਤ ਹੈ ਉੱਥੇ ਇਸ ਕਾਰਜ ਨਾਲ ਜੁੜੇ ਪਿੰਡ ਦੇ ਵਿੱਛੜੇ ਸਾਥੀਆਂ ਕਰਮਜੀਤ ਸਿੰਘ ਪਟਵਾਰੀ, ਮਨਦੀਪ ਸਿੰਘ ਮਿੰਨਾ, ਬਾਬਾ ਅਵਤਾਰ ਸਿੰਘ ਖੂਹ ਵਾਲਾ, ਹਰਦੇਵ ਸਿੰਘ, ਮੰਗਤ ਰਾਮ, ਵਿਕਰਮਜੀਤ ਸਿੰਘ, ਬਲਵੰਤ ਸਿੰਘ ਬੰਤਾ ਅਤੇ ਰਾਮ ਰੱਖਾ ਜੀਰਖ ਦੀ ਯਾਦ ਨੂੰ ਵੀ ਤਾਜ਼ਾ ਕਰਵਾਏਗਾ |