26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬਿਜਲੀ ਬਿੱਲ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਲਈ 13 ਟੀਮਾਂ ਤਾਇਨਾਤ- ਐੱਸ. ਡੀ. ਓ. •78 ਸਰਕਾਰੀ ਅਦਾਰਿਆਂ ਵੱਲ 1 ਕਰੋੜ ਤੋਂ ਵੱਧ ਰਾਸ਼ੀ ਬਕਾਇਆ •300 ਯੂਨਿਟ ਮੁਫ਼ਤ ਬਿਜਲੀ ਦੇ ਚੱਕਰ ਵਿਚ ਕਈ ਖਪਤਕਾਰ ਹੋਏ ਡਿਫਾਲਟਰ

ਅਜੀਤ ਡੈਸਕ 21-01-2026
ਮਾਛੀਵਾੜਾ ਸਾਹਿਬ, 20 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਸਬ-ਡਵੀਜ਼ਨ ਮਾਛੀਵਾੜਾ ਸਾਹਿਬ ਵਲੋਂ ਆਪਣੀ 7 ਕਰੋੜ ਰੁਪਏ ਦੀ ਡਿਫਾਲਟਰ ਰਾਸ਼ੀ ਲਈ ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਬ-ਡਵੀਜ਼ਨ ਮਾਛੀਵਾੜਾ ਸਾਹਿਬ ਦੇ ਐੱਸ. ਡੀ. ਓ. ਅਮਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕੋਲ ਕਰੀਬ 24000 ਦੇ ਕਰੀਬ ਸ਼ਹਿਰੀ ਤੇ ਪੇਂਡੂ ਕੁਨੈਕਸ਼ਨ ਹਨ, ਜਿਨ੍ਹਾਂ 'ਚੋਂ 2550 ਖਪਤਕਾਰਾਂ ਨੇ ਬਿਜਲੀ ਬਿੱਲ ਅਦਾ ਨਹੀਂ ਕੀਤਾ ਜਿਨ੍ਹਾਂ ਵੱਲ 7 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ | ਅੱਜ ਪਾਵਰਕਾਮ ਵਿਭਾਗ ਵਲੋਂ ਬਾਹਰੋਂ ਆਈ ਟੀਮਾਂ ਅਤੇ ਇੱਥੋਂ ਦੇ ਕਰਮਚਾਰੀਆਂ ਨੇ ਸੰਯੁਕਤ ਆਪ੍ਰੇਸ਼ਨ ਚਲਾਇਆ ਜਿੱਥੇ 2 ਦਿਨਾਂ ਵਿਚ 50 ਤੋਂ ਵੱਧ ਡਿਫਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ, ਉੱਥੇ 23 ਲੱਖ 46 ਹਜ਼ਾਰ ਰੁਪਏ ਦੀ ਰਿਕਵਰੀ ਵੀ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਡਿਫਾਲਟਰ ਖਪਤਕਾਰ ਜਿਨ੍ਹਾਂ ਨੇ ਰਾਸ਼ੀ ਅਦਾ ਨਹੀਂ ਕੀਤੀ ਉਨ੍ਹਾਂ ਦੇ ਮੀਟਰ ਕੁਨੈਕਸ਼ਨ ਕੱਟੇ ਜਾਣਗੇ ਜਿਸ ਤੋਂ ਬਾਅਦ ਅਦਾਇਗੀ ਕਰਨ 'ਤੇ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਕੁਨੈਕਸ਼ਨ ਜੋੜਿਆ ਜਾਵੇਗਾ | ਐੱਸ. ਡੀ. ਓ ਅਮਰਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸ਼ਹਿਰ ਵਿਚ ਹੀ ਕਰੀਬ 550 ਡਿਫਾਲਟਰ ਖਪਤਕਾਰ ਹਨ ਜਿਨ੍ਹਾਂ ਵੱਲ 1 ਕਰੋੜ 17 ਲੱਖ ਬਕਾਇਆ ਹੈ ਅਤੇ ਪਿੰਡਾਂ ਦੇ 2000 ਡਿਫਾਲਟਰ ਖਪਤਕਾਰ ਹਨ, ਜਿਨ੍ਹਾਂ ਵੱਲ 4 ਕਰੋੜ 79 ਲੱਖ ਰੁਪਏ ਬਕਾਇਆ ਰਾਸ਼ੀ ਹੈ | ਉਨ੍ਹਾਂ ਕਿਹਾ ਕਿ ਇਹ ਉਹ ਡਿਫਾਲਟਰ ਖਪਤਕਾਰ ਹਨ ਜਿਨ੍ਹਾਂ ਵੱਲ 10 ਹਜ਼ਾਰ ਤੋਂ ਵੱਧ ਰਾਸ਼ੀ ਬਕਾਇਆ ਹੈ | ਫਿਲਹਾਲ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਾਅਦ ਵਿਚ ਘੱਟ ਰਾਸ਼ੀ ਵਾਲਿਆਂ ਤੋਂ ਵੀ ਵਸੂਲੀ ਕੀਤੀ ਜਾਵੇਗੀ | ਜੇਕਰ ਉਨ੍ਹਾਂ ਨੇ ਅਦਾਇਗੀ ਨਾ ਕੀਤੀ ਤਾਂ ਸਭ ਦੇ ਕੁਨੈਕਸ਼ਨ ਕੱਟ ਲਏ ਜਾਣਗੇ | ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਵਲੋਂ ਮਾਛੀਵਾੜਾ ਸਬ-ਡਵੀਜ਼ਨ ਵਿਚ 13 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ 39 ਕਰਮਚਾਰੀ ਤਾਇਨਾਤ ਕੀਤੇ ਹਨ ਜੋ ਕਿ ਡਿਫਾਲਟਰ ਖਪਤਕਾਰਾਂ ਦੇ ਅਦਾਇਗੀ ਨਾ ਕਰਨ 'ਤੇ ਕੁਨੈਕਸ਼ਨ ਕੱਟ ਰਹੇ ਹਨ | ਉਨ੍ਹਾਂ ਕਿਹਾ ਕਿ ਡਿਫਾਲਟਰ ਖਪਤਕਾਰਾਂ ਨੂੰ ਵਿਭਾਗ ਦੇ ਕਰਮਚਾਰੀ ਕਈ ਵਾਰ ਬੇਨਤੀ ਕਰ ਚੁੱਕੇ ਹਨ ਕਿ ਆਪਣੀ ਰਾਸ਼ੀ ਜਮਾਂ ਕਰਵਾਓ ਪਰ ਹੁਣ ਜਦੋਂ ਅਦਾਇਗੀ ਨਹੀਂ ਕੀਤੀ ਤਾਂ ਅਖੀਰ ਉਨ੍ਹਾਂ ਨੂੰ ਮਜਬੂਰ ਹੋ ਕੇ ਕੁਨੈਕਸ਼ਨ ਕੱਟਣੇ ਪੈ ਰਹੇ ਹਨ | ਐਸ ਡੀ. ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸਬ ਡਵੀਜ਼ਨ ਅਧੀਨ 78 ਅਜਿਹੇ ਸਰਕਾਰੀ ਅਦਾਰੇ ਹਨ, ਜਿਨ੍ਹਾਂ ਵੱਲ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਬਿਜਲੀ ਬਿੱਲ ਬਕਾਇਆ ਹੈ | ੳਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਹਰੇਕ ਮਹੀਨੇ ਦਿੱਤੀ ਜਾ ਰਹੀ ਹੈ ਅਤੇ ਜੇਕਰ ਇੱਕ ਯੂਨਿਟ ਵੀ ਵੱਧ ਗਿਆ ਤਾਂ ਉਸ ਨੂੰ ਸਾਰੀ ਅਦਾਇਗੀ ਕਰਨੀ ਪਵੇਗੀ | ਖਪਤਕਾਰ ਮੁਫ਼ਤ ਬਿਜਲੀ ਦੇ ਚੱਕਰ ਵਿਚ 300 ਯੂਨਿਟ ਤੋਂ ਵੱਧ ਖਪਤ ਹੋਣ ਤੋਂ ਬਾਅਦ ਬਿੱਲ ਅਦਾ ਨਹੀਂ ਕਰਦੇ ਅਤੇ ਜੁਰਮਾਨੇ ਪੈਣ ਤੋਂ ਬਾਅਦ ਰਾਸ਼ੀ ਦੁੱਗਣੀ ਹੋ ਜਾਂਦੀ ਹੈ, ਜਿਸ ਕਾਰਨ ਬਾਅਦ ਵਿਚ ਉਹ ਡਿਫਾਲਟਰ ਹੋ ਜਾਂਦੇ ਹਨ | ਇਸ ਮੌਕੇ ਜੂਨੀਅਰ ਇੰਜੀਨੀਅਰ ਅਨੁਜ ਸ਼ਰਮਾ, ਜੂਨੀਅਰ ਇੰਜੀਨੀਅਰ ਜਸਵੀਰ ਸਿੰਘ, ਲਾਈਨਮੈਨ ਬਲਦੇਵ ਸਿੰਘ, ਰਿਸ਼ਭ ਸ਼ਰਮਾ, ਸ਼ਰਨਪ੍ਰੀਤ ਸਿੰਘ, ਰਾਹੁਲਪ੍ਰੀਤ ਸਿੰਘ, ਤਲਵਿੰਦਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਜਥੇ. ਸਹਾਰਨ ਮਾਜਰਾ ਨੇ ਸ਼੍ਰੋਮਣੀ ਕਮੇਟੀ ਵਲੋਂ ਬਰਤਨ ਭੇਟ ਕੀਤੇ ਅਗਲੀ ਖ਼ਬਰ ਸੜਕ ਦੀ ਰੇਲਿੰਗ ਕਈ ਕਿੱਲੋਮੀਟਰ ਤੱਕ ਹੋਈ ਗ਼ਾਇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।