ਮਾਛੀਵਾੜਾ ਸਾਹਿਬ, 20 ਜਨਵਰੀ (ਮਨੋਜ ਕੁਮਾਰ)-ਮੰਗਲਵਾਰ ਦੀ ਸਵੇਰ ਤੜਕਸਾਰ ਕਰੀਬ ਸਾਢੇ ਚਾਰ ਵਜੇ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਕਰੇਟਾ ਕਾਰ ਪਲ ਵਿਚ ਹੀ ਬੁਰੀ ਤਰਾਂ ਸੜ ਕੇ ਸਵਾਹ ਹੋ ਗਈ | ਹਾਲਾਂਕਿ ਜਾਨੀ ਨੁਕਸਾਨ ਤੋਂ ਫਿਲਹਾਲ ਬਚਾਅ ਰਿਹਾ ਪਰ ਚਾਲਕ ਦੀ ਮੁਸਤੈਦੀ ਨਾਲ ਕਾਰ ਵਿੱਚ ਪਿਆ ਹੋਰ ਲੱਖਾਂ ਦੀ ਕੀਮਤ ਦਾ ਸਆਮਾਨ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਪਿੰਡ ਜਿਉਣੇਵਾਲ ਨਿਵਾਸੀ ਇੰਦਰਬਾਵਾ ਆਪਣੇ ਸਾਥੀ ਨਾਲ ਕਿਸੇ ਕੰਮ ਰਾਜਪੁਰਾ ਜਾ ਰਹੇ ਸਨ ਕਿ ਅਚਾਨਕ ਫ਼ਤਿਹਗੜ੍ਹ ਜੱਟਾਂ ਕੋਲ ਕੋਈ ਜਾਨਵਰ ਸੜਕ ਤੋਂ ਪਾਰ ਹੋ ਗਿਆ ਤੇ ਸੰਘਣੀ ਧੁੰਦ ਕਰਕੇ ਕੱੁਝ ਸਾਫ਼ ਦਿਖਾਈ ਨਾ ਦਿੱਤਾ ਤੇ ਕਾਰ ਇੱਕ ਦਮ ਅੱਗੇ ਪੁਲੀ ਨਾਲ ਟਕਰਾ ਗਈ ਤੇ ਅਚਾਨਕ ਅੱਗ ਨੇ ਕਾਰ ਨੂੰ ਲਪੇਟ ਵਿਚ ਲੈ ਲਿਆ | ਹਾਲਾਂਕਿ ਕਾਰ ਸਵਾਰਾਂ ਨੇ ਫੁਰਤੀ ਨਾਲ ਕੈਮਰਿਆਂ ਤੇ ਲੈਪਟਾਪ ਨੂੰ ਬਾਹਰ ਕੱਢਿਆ ਤੇ ਦੇਖਦੇ ਹੀ ਦੇਖਦੇ ਕਰੇਟਾ ਕਾਰ ਪੂਰੀ ਤਰ੍ਹਾਂ ਸੜ ਗਈ | ਕਾਰ ਚਾਲਕ ਮੁਤਾਬਿਕ ਉਹ ਫੋਟੋ ਗ੍ਰਾਫੀ ਤੋਂ ਇਲਾਵਾ ਸਭਿਆਚਾਰਕ ਮੇਲਿਆਂ ਵਿੱਚ ਲਾਈਵ ਸ਼ੋਆਂ ਦਾ ਕੰਮ ਕਰਦੇ ਹਨ ਤੇ ਹਾਦਸੇ ਵਾਲੇ ਦਿਨ ਵੀ ਉਹ ਕਿਸੇ ਪ੍ਰੋਗਰਾਮ 'ਤੇ ਹੀ ਜਾ ਰਹੇ ਸਨ |