ਮਾਛੀਵਾੜਾ ਸਾਹਿਬ, 20 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਅੱਜ ਨੇੜਲੇ ਪਿੰਡ ਮੰਡ ਉਧੋਵਾਲ ਵਿਖੇ ਸ਼ੁੱਧ ਪਾਣੀ ਦੀ ਸਪਲਾਈ ਵਾਲੀ ਬਣੀ ਨਵੀਂ ਟੈਂਕੀ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਰਪੰਚ ਭੁਪਿੰਦਰ ਸਿੰਘ ਰਾਠੌਰ ਨੇ ਕੀਤਾ | ਉਨ੍ਹਾਂ ਨਾਲ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਕੌਂਸਲਰ ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ ਤੇ ਪਿੰਡ ਵਾਸੀ ਹਾਜ਼ਰ ਸਨ | ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਪੰਚ ਰਾਠੌਰ ਨੇ ਦੱਸਿਆ ਕਿ ਇਸ ਟੈਂਕੀ ਉੱਪਰ 28 ਲੱਖ ਰੁਪਏ ਦਾ ਖਰਚਾ ਆਇਆ ਹੈ | ਉਨ੍ਹਾਂ ਕਿਹਾ ਕਿ ਬੇਟ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਮਿਲੇ ਅਤੇ ਅੱਜ 'ਜਲ ਜੀਵਨ ਮਿਸ਼ਨ-ਜਲ ਅਰਪਣ' ਮਿਸ਼ਨ ਤਹਿਤ ਇਹ ਪਾਣੀ ਵਾਲੀ ਟੈਂਕੀ ਬਣਾਈ ਗਈ ਹੈ | ਭੁਪਿੰਦਰ ਰਾਠੌਰ ਨੇ ਕਿਹਾ ਕਿ ਇਸ ਟੈਂਕੀ ਨਾਲ 2 ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਮਿਲੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਯਤਨਾਂ ਸਦਕਾ ਇਹ ਪਾਣੀ ਵਾਲੀ ਟੈਂਕੀ ਦਾ ਨਿਰਮਾਣ ਹੋਇਆ ਹੈ |