ਵਿਧਾਨ ਸਭਾ ਹਲਕਾ ਭੁੱਚੋ ਦੇ ਦਿਲਚਸਪ ਹੁੰਦੇ ਸਿਆਸੀ ਸਮੀਕਰਨ... * ਕਾਂਗਰਸ ਦੇ ‘ ਤਜ਼ਰਬੇ ’, ਅਕਾਲੀ ਦਲ ਬਾਦਲ ਦੇ ‘ ਠਰੰਮੇ ’ ਅਤੇ ‘ ਆਪ ’ ਦੇ ‘ ਜੋਸ਼ ’ ਦਰਮਿਆਨ ਹੋਵੇਗਾ ਗਹਿਗੱਚ ਮੁਕਾਬਲਾ * ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ‘ਗੁਰੂ’ ਨੂੰ ‘ਨਿਵਾਜ’ ਕੇ ਟਿਕਟ ਸਬੰਧੀ ਚਰਚਾਵਾਂ ‘ਤੇ ਵਿਰਾਮ ਲਾਇਆ
ਭੁੱਚੋ ਮੰਡੀ, 30 ਅਗਸਤ (ਪਰਵਿੰਦਰ ਸਿੰਘ ਜੌੜਾ)- ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ-2027 ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਵੇਂ-ਤਿਵੇਂ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਦੇ ਸਿਆਸੀ ਸਮੀਕਰਨ ਦਿਲਚਸਪ ਬਣਦੇ ਜਾ ਰਹੇ ਹਨ। ਇੱਥੇ ਇਸ ਵਾਰ ਕਾਂਗਰਸ ਪਾਰਟੀ ਦੇ ‘ਤਜਰਬੇ’, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ‘ਠਰੰਮੇ’ ਅਤੇ ਆਮ ਆਦਮੀ ਪਾਰਟੀ ਦੇ ‘ਜੋਸ਼’ ਦਰਮਿਆਨ ਗਹਿਗੱਚ ਮੁਕਾਬਲਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ।
ਕ
ਕਾਂਗਰਸ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸ਼੍ਰੋਮਣੀ ਅਕਾਲੀ ਦਲ ਦੇ ਭੁੱਚੋ ਹਲਕੇ ਤੋਂ ਐਲਾਨੇ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ ਅਤੇ ‘ਆਪ’ ਦੇ ਸੰਭਾਵੀ ਉਮੀਦਵਾਰ ਹਰਸਿਮਰਨ ਸਿੰਘ।
31-08-2026
ਭੁੱਚੋ ਮੰਡੀ, 30 ਅਗਸਤ (ਪਰਵਿੰਦਰ ਸਿੰਘ ਜੌੜਾ)- ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ-2027 ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਵੇਂ-ਤਿਵੇਂ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਦੇ ਸਿਆਸੀ ਸਮੀਕਰਨ ਦਿਲਚਸਪ ਬਣਦੇ ਜਾ ਰਹੇ ਹਨ। ਇੱਥੇ ਇਸ ਵਾਰ ਕਾਂਗਰਸ ਪਾਰਟੀ ਦੇ ‘ਤਜਰਬੇ’, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ‘ਠਰੰਮੇ’ ਅਤੇ ਆਮ ਆਦਮੀ ਪਾਰਟੀ ਦੇ ‘ਜੋਸ਼’ ਦਰਮਿਆਨ ਗਹਿਗੱਚ ਮੁਕਾਬਲਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ (ਬਾਦਲ) ਵਲੋਂ ਇੱਥੋਂ ਡਾ. ਦਲਜੀਤ ਸਿੰਘ ਗੁਰੂ ਨੂੰ ਟਿਕਟ ਨਾਲ ‘ਨਿਵਾਜ’ ਕੇ ਟਿਕਟ ਸਬੰਧੀ ਬਾਕੀ ਚਰਚਾਵਾਂ ਨੂੰ ਵਿਰਾਮ ਲਾ ਦਿੱਤਾ ਹੈ। ਡਾ. ਗੁਰੂ ਪੜ੍ਹੇ - ਲਿਖੇ, ਨਰਮ, ਮਿੱਠ ਬੋਲੜੇ ਅਤੇ ‘ਠਰੰਮੇ’ ਵਾਲੀ ਸ਼ਖ਼ਸੀਅਤ ਹਨ, ਜਿਨ੍ਹਾਂ ਲੰਮੇ ਸਮੇਂ ਤੋਂ ਹਲਕੇ ਵਿਚ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਅਤੇ ਲੋਕਾਂ ਦਾ ਉਨ੍ਹਾਂ ਨੂੰ ਅਥਾਹ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ। ਕਾਂਗਰਸ ਪਾਰਟੀ ਦੀ ਟਿਕਟ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਅਤੇ ਮੌਜੂਦਾ ਜ਼ਿਲ੍ਹਾ (ਦਿਹਾਤੀ) ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ‘ਝੋਲੀ’ ਪੈਣ ਦੀਆਂ ਪ੍ਰਮੁੱਖ ਦਾਅਵੇਦਾਰੀਆਂ ਹਨ। ਕੋਟਭਾਈ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਤੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਹਨ। ਕਾਂਗਰਸ ਪਾਰਟੀ ਦੇ ਜ਼ਿਲ੍ਹਾ (ਦਿਹਾਤੀ) ਪ੍ਰਧਾਨ ਹੋਣ ਨਾਤੇ ਜ਼ਾਹਿਰ ਹੈ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੀਆਂ ਟਿਕਟਾਂ ਦੇਣ ਸਮੇਂ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕੇਗਾ। ਸ. ਕੋਟਭਾਈ ਖ਼ੁਦ ਭੁੱਚੋ ਹਲਕੇ ਤੋਂ ਹੀ ਚੋਣ ਲੜਨ ਦੇ ਚਾਹਵਾਨ ਹਨ, ਜੋ ਇੱਥੋਂ 2017 ਦੀਆਂ ਚੋਣਾਂ ਵਿਚ 51605 ਵੋਟਾਂ ਹਾਸਲ ਕਰਕੇ ਵਿਧਾਇਕ ਬਣੇ ਸਨ। ਬੀਤੇ ਸਮੇਂ ਵਿਚ ਉਹ ਹਲਕੇ ਵਿਚ ‘ਸੰਵਿਧਾਨ ਬਚਾਓ’ ਅਤੇ ‘ਮਨਰੇਗਾ ਬਚਾਓ’ ਦੋ ਵਿਸ਼ਾਲ ਰੈਲੀਆਂ ਕਰਵਾ ਕੇ ਆਪਣੀ ਸਿਆਸੀ ‘ਤਾਕਤ’ ਦਾ ‘ਲੋਹਾ’ ਮੰਨਵਾ ਚੁੱਕੇ ਹਨ। ਆਮ ਆਦਮੀ ਪਾਰਟੀ ਵਲੋਂ ਇੱਥੋਂ ਮੌਜੂਦਾ ਵਿਧਾਇਕ ਮਾ. ਜਗਸੀਰ ਸਿੰਘ ਦੇ ਪਰਿਵਾਰ ‘ਤੇ ਹੀ ਭਰੋਸਾ ਜਿਤਾਇਆ ਜਾ ਰਿਹਾ ਹੈ। ਮਾ. ਜਗਸੀਰ ਸਿੰਘ 2022 ਦੀਆਂ ਚੋਣਾਂ ਵਿਚ 85778 ਵੋਟਾਂ ਹਾਸਲ ਕਰਕੇ ਤੇ 50 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਜਿੱਤ ਦਰਜ ਕਰਕੇ ਪਾਰਟੀ ਦੀ ਝੋਲੀ ਪਾਈ ਸਨ। ਭਾਵੇਂ ਇੱਥੋਂ ਇਸ ਵਾਰ ਪਾਰਟੀ ਆਗੂ ਗੁਰਜੰਟ ਸਿੰਘ ਸਿਵੀਆਂ, ਸੁਰਿੰਦਰਪਾਲ ਸਿੰਘ ਬਿੱਟੂ ਅਤੇ ਲੇਖਪ੍ਰੀਤ ਸਿੰਘ ਵਿੱਕੀ ਆਦਿ ਵੀ ਟਿਕਟ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਪ੍ਰੰਤੂ ਸਿਆਸੀ ਸੂਤਰਾਂ ਅਨੁਸਾਰ ਪਾਰਟੀ ਹਾਈ ਕਮਾਂਡ ਵਲੋਂ ਟਿਕਟ ਮਾ. ਜਗਸੀਰ ਸਿੰਘ ਦੇ ਪਰਿਵਾਰ ਨੂੰ ਹੀ ਦਿੱਤੇ ਜਾਣ ਦਾ ‘ਇਸ਼ਾਰਾ’ ਕਰ ਦਿੱਤਾ ਹੈ। ਕਨਸੋਆਂ ਇਹ ਵੀ ਹਨ ਕਿ ਉਮਰ ਅਤੇ ਸਿਹਤ ਦੇ ਤਕਾਜ਼ੇ ਨੂੰ ਵੇਖਦਿਆਂ ਮਾ. ਜਗਸੀਰ ਸਿੰਘ ਵਲੋਂ ਇਸ ਵਾਰ ਖ਼ੁਦ ਚੋਣ ਲੜਨ ਦੀ ਬਜਾਏ ਆਪਣੇ ‘ਲਖ਼ਤ-ਏ-ਜਿਗਰ’ ਹਰਸਿਮਰਨ ਸਿੰਘ ਨੂੰ ਚੋਣਾਵੀ ‘ਅਖਾੜੇ’ ਵਿਚ ਉਤਾਰਨ ਦਾ ਮਨ ਬਣਾ ਲਿਆ ਹੈ। ਹਰਸਿਮਰਨ ਪੰਜਾਬੀ ਗਾਇਕ, ਅਦਾਕਾਰ ਅਤੇ ਉੱਚ ਕੋਟੀ ਦਾ ਬੁਲਾਰਾ ਹੋਣ ਦੇ ਨਾਲ-ਨਾਲ ‘ਜੋਸ਼ੀਲਾ’ ਨੌਜਵਾਨ ਹੈ। ਉਸ ਦੀ ਫਰਾਟੇਦਾਰ ਅੰਗਰੇਜ਼ੀ ਅਫ਼ਸਰਸ਼ਾਹੀ ਵਿਚ ਵੀ ‘ਧੱਕ’ ਪਾਉਂਦੀ ਹੈ। ਨੌਜਵਾਨ ਵਰਗ ਵਿਚ ਹਰਸਿਮਰਨ ਦਾ ਚੰਗਾ ਅਧਾਰ ਹੈ। ਭਾਜਪਾ ਵਲੋਂ ਇੱਥੋਂ ਬਲਦੇਵ ਸਿੰਘ ਆਕਲੀਆ, ਐਡਵੋਕੇਟ ਚਰਨਜੀਤ ਸਿੰਘ ਅਤੇ ਰੁਪਿੰਦਰਜੀਤ ਸਿੰਘ ਟਿਕਟ ਪ੍ਰਾਪਤੀ ਦੇ ਪ੍ਰਮੁੱਖ ਦਾਅਵੇਦਾਰ ਹਨ। ਇਹ ਵੀ ਵਿਸ਼ੇਸ਼ ਤੱਥ ਹੈ ਕਿ ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਸੰਭਾਵੀ ਗੱਠਜੋੜ ਹੋ ਜਾਂਦਾ ਹੈ ਤਾਂ ਭੁੱਚੋ ਹਲਕੇ ਦੇ ਸਿਆਸੀ ਸਮੀਕਰਨ ਵੀ ਪੂਰੀ ਤਰ੍ਹਾਂ ਬਦਲ ਜਾਣਗੇ। ਅਕਾਲੀ ਦਲ (ਵਾਰਸ ਪੰਜਾਬ) ਅਤੇ ਅਕਾਲੀ ਦਲ (ਪੁਨਰ ਸੁਰਜੀਤ) ਵੀ ਹਲਕੇ ਵਿਚ ਸਰਗਰਮੀਆਂ ਵਧਾ ਰਹੇ ਹਨ। ਬਸਪਾ ਅਤੇ ਖੱਬੇ ਪੱਖੀ ਪਾਰਟੀਆਂ ਦੀ ‘ਚੁੱਪ’ ਫਿਲਹਾਲ ਸਿਆਸੀ ਗਲਿਆਰਿਆਂ ਵਿਚ ਗੁੱਝਾ ‘ਭੇਦ’ ਬਣੀ ਹੋਈ ਹੈ।