ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਡੀ.ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ
ਬਠਿੰਡਾ, 31 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਚੈਪਟਰ ਪੰਜਾਬ ਦੇ ਸੱਦੇ ‘ਤੇ ਕਿਸਾਨਾਂ-ਮਜ਼ਦੂਰਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਅੱਜ ਸੂਬੇ ਭਰ ਦੇ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਦੀ ਅਗਵਾਈ ਹੇਠ ਬਠਿੰਡਾ ਦੇ ਡੀ.
ਬਠਿੰਡਾ, 31 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਚੈਪਟਰ ਪੰਜਾਬ ਦੇ ਸੱਦੇ ‘ਤੇ ਕਿਸਾਨਾਂ-ਮਜ਼ਦੂਰਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਅੱਜ ਸੂਬੇ ਭਰ ਦੇ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਦੀ ਅਗਵਾਈ ਹੇਠ ਬਠਿੰਡਾ ਦੇ ਡੀ.ਸੀ ਦਫ਼ਤਰ ਅੱਗੇ ਚਾਰ ਘੰਟੇ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ-2.0 ਦੌਰਾਨ ਉਠਾਈਆਂ ਗਈਆਂ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ, ਬਿਜਲੀ ਸੋਧ ਬਿੱਲ ਅਤੇ ਪਰਾਲੀ ਨਾਲ ਸਬੰਧਿਤ ਕਾਨੂੰਨ ਸਮੇਤ ਹੋਰ ਮੰਗਾਂ ਅਜੇ ਵੀ ਪੂਰੀਆਂ ਨਹੀਂ ਹੋਈਆਂ। ਫੂਲ ਨੇ ਦੋਸ਼ ਲਾਇਆ ਕਿ ਸ਼ੰਭੂ, ਖਨੌਰੀ ਅਤੇ ਰਤਨਪੁਰਾ ਬਾਰਡਰਾਂ ‘ਤੇ ਲੱਗੇ ਕਿਸਾਨ ਮੋਰਚਿਆਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰਨ ਤੋਂ ਵੀ ਪੰਜਾਬ ਸਰਕਾਰ ਟਾਲਾ ਵੱਟ ਰਹੀ ਹੈ। ਸੁਖਵਿੰਦਰ ਕੌਰ ਰਾਮਪੁਰਾ ਨੇ ਕਿਹਾ ਕਿ ਪਿੰਡਾਂ ਦੀ ਖੇਤੀਬਾੜੀ ਵੱਡੇ ਪੱਧਰ ‘ਤੇ ਖੇਤੀਬਾੜੀ ਸਹਿਕਾਰੀ ਸਭਾਵਾਂ ‘ਤੇ ਨਿਰਭਰ ਕਰਦੀ ਹੈ। ਇਸ ਲਈ ਸਹਿਕਾਰੀ ਸਭਾਵਾਂ ਲਈ ਤੈਅ ਕੀਤੇ ਹੱਦ ਕਰਜ਼ੇ ਤੁਰੰਤ ਲਾਗੂ ਕੀਤੇ ਜਾਣ ਅਤੇ ਖੇਤੀਬਾੜੀ ਲਈ ਲੋੜੀਂਦੀਆਂ ਲਾਗਤ ਵਸਤਾਂ ਦੀ ਮਾਤਰਾ ਵਧਾਈ ਜਾਵੇ। ਇਸ ਮੌਕੇ ਜਥੇਬੰਦੀ ਵਲੋਂ ਕੇਐੱਮਐੱਮ ਦੇ ਐਲਾਨ ਅਨੁਸਾਰ ਪਿੰਡਾਂ ਵਿਚ ਕਥਿਤ ‘ਟਰਾਲੀ ਚੋਰਾਂ’ ਸਬੰਧੀ ਬੈਨਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰਦਰਸ਼ਨ ਉਪਰੰਤ ਡੀਸੀ ਦਫ਼ਤਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੋਰਾ ਡਿੱਖ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਢਿੱਲੋਂ, ਜ਼ਿਲ੍ਹਾ ਜਨਰਲ ਸਕੱਤਰ ਕਿੰਦਾ ਜੰਡਾਂਵਾਲਾ, ਜ਼ਿਲ੍ਹਾ ਖ਼ਜ਼ਾਨਚੀ ਕਰਮਜੀਤ ਭਗਤਾ, ਬਲਾਕ ਰਾਮਪੁਰਾ ਪ੍ਰਧਾਨ ਭੋਲਾ ਢੱਡੇ, ਪ੍ਰੈੱਸ ਸਕੱਤਰ ਸੁਖਮੰਦਰ ਬਾਲਿਆਂਵਾਲੀ, ਬਲਾਕ ਭਗਤਾ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ, ਬਲਾਕ ਫੂਲ ਪ੍ਰਧਾਨ ਗੁਰਪ੍ਰੀਤ ਢਿਪਾਲੀ, ਬਲਾਕ ਬਠਿੰਡਾ ਪ੍ਰਧਾਨ ਬੇਅੰਤ ਜੰਡਾਂਵਾਲਾ ਸਮੇਤ ਵੱਖ-ਵੱਖ ਪਿੰਡਾਂ ਤੋਂ ਕਿਸਾਨ ਹਾਜ਼ਰ ਸਨ।