06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਫਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਕਾਂਗਰਸੀ ਆਗੂਆਂ ਨੇ ਦਿੱਤਾ ਸਮਰਥਨ, ਬਰਨਾਲਾ ਲਾਠੀਚਾਰਜ ਦੀ ਕੀਤੀ ਨਿਖੇਧੀ

ਅਜੀਤ ਡੈਸਕ 25-07-2026
ਤਲਵੰਡੀ ਸਾਬੋ, 24 ਜੁਲਾਈ (ਰਣਜੀਤ ਸਿੰਘ ਰਾਜੂ)- ਸਮੁੱਚੇ ਸੂਬੇ ਦੇ ਸਫਾਈ ਕਾਮਿਆਂ ਵਲੋਂ ਮੰਗਾਂ ਲਈ ਰਾਜ ਭਰ ’ਚ ਕੰਮ ਠੱਪ ਕਰਕੇ ਆਰੰਭੇ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਸਥਾਨਕ ਨਗਰ ਕੌਂਸਲ ਦੇ ਸਫਾਈ ਕਾਮਿਆਂ ਵਲੋਂ ਨਗਰ ਕੌਂਸਲ ਦਫ਼ਤਰ ਅੱਗੇ ਲਗਾਏ ਪੱਕੇ ਮੋਰਚੇ ’ਚ ਅੱਜ ਵੀ ਵੱਡੀ ਗਿਣਤੀ ਸਫਾਈ ਕਾਮਿਆਂ ਨੇ ਇਕੱਤਰ ਹੋ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ, ਜਦੋਂਕਿ ਉਨ੍ਹਾਂ ਦੇ ਸੰਘਰਸ਼ ਨੂੰ ਅੱਜ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਧੜੇ ਨਾਲ ਸਬੰਧਿਤ ਕਾਂਗਰਸੀ ਆਗੂਆਂ ਨੇ ਸਮਰਥਨ ਦਿੰਦਿਆਂ ਪਿਛਲੇ ਦਿਨੀਂ ਬਰਨਾਲਾ ’ਚ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ।ਸਫਾਈ ਕਾਮਿਆਂ ਦੇ ਮੋਰਚੇ ’ਚ ਅੱਜ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਸੂਬਾ, ਹਰਬੰਸ ਸਿੰਘ ਸਾਬਕਾ ਕਾਰਜਕਾਰੀ ਪ੍ਰਧਾਨ ਨਗਰ ਕੌਂਸਲ, ਕਾਂਗਰਸੀ ਆਗੂ ਜਗਤਾਰ ਨੰਗਲਾ, ਸ਼ਹਿਰੀ ਪ੍ਰਧਾਨ ਰਾਜੀਵ ਕੁਮਾਰ ਲੱਕੀ ਅਤੇ ਰਣਧੀਰ ਸਿੰਘ ਗੋਗਾ ਨੇ ਪਹੁੰਚ ਕੇ ਉਨ੍ਹਾਂ ਦੀਆਂ ਮੰਗਾਂ ਦਾ ਸਮੱਰਥਨ ਕੀਤਾ। ਗੱਲਬਾਤ ਕਰਦਿਆਂ ਹਰਬੰਸ ਸਿੰਘ ਤੇ ਦਵਿੰਦਰ ਸਿੰਘ ਸੂਬਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਹਿਟਲਰ ਵਾਂਗ ਸਰਕਾਰ ਚਲਾ ਰਹੀ ਹੈ। ਕਦੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨਾ, ਕਦੇ ਬੇਰੁਜ਼ਗਾਰਾਂ ਨਾਲ ਧੱਕੇਸ਼ਾਹੀ, ਕਦੇ ਬਿਜਲੀ ਕਾਮਿਆਂ ਤੇ ਕੁੱਟਮਾਰ ਤੇ ਹੁਣ ਬਰਨਾਲਾ ਵਿਖੇ ਸਫਾਈ ਕਾਮਿਆਂ ਤੇ ਲਾਠੀਚਾਰਜ ਨੇ ਤਾਂ ਹੱਦ ਈ ਕਰ ਦਿੱਤੀ ਜਿੱਥੇ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਔਰਤ ਸਫਾਈ ਕਾਮਿਆਂ ਨੂੰ ਸ਼ਰ੍ਹੇਆਮ ਡਾਂਗਾ ਨਾਲ ਕੁੱਟਿਆ। ਇਸ ਪੂਰੇ ਘਟਨਾਕ੍ਰਮ ਤੇ ਮੁੱਖ ਮੰਤਰੀ ਸਾਹਿਬ ਦੀ ਚੁੱਪ ’ਤੇ ਤਾਂ ਕੋਈ ਹੈਰਾਨੀ ਨਹੀਂ ਹੋਈ ਪਰ ਹਰ ਇਕ ਨੂੰ ਤਲਬ ਕਰਨ ਵਾਲਾ ਸੂਬੇ ਦਾ ਐਸ.ਸੀ. ਕਮਿਸ਼ਨ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੁੱਪੀ ਜ਼ਰੂਰ ਰੜਕ ਰਹੀ ਹੈ ਜਾਂ ਫਿਰ ਇਹ ਕਮਿਸ਼ਨ ਦੱਸਣ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਸਰਕਾਰੀ ਹੱਦਾਂ ’ਤੇ ਆ ਕੇ ਖਤਮ ਹੋ ਜਾਂਦੇ ਹਨ। ਕਾਂਗਰਸੀ ਆਗੂਆਂ ਨੇ ਸੂਬਾ ਸਰਕਾਰ ਤੋਂ ਲਾਠੀਚਾਰਜ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਮੰਗਦਿਆਂ ਸਫਾਈ ਕਾਮਿਆਂ ਦੇ ਮਸਲੇ ਤੁਰੰਤ ਹੱਲ ਕਰਨ ਦੀ ਅਪੀਲ ਵੀ ਕੀਤੀ।
ਪਿਛਲੀ ਖ਼ਬਰ 23 ਪੇਟੀਆਂ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਦਾ ਡੀ.ਆਰ.ਐੱਮ. ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਨਿਰੀਖਣ ਪਲੇਟਫ਼ਾਰਮ ਨੂੰ ਉੱਚਾ ਅਤੇ ਲੰਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।