ਬਠਿੰਡਾ, 14 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਪੁਲਿਸ ਨੇ ਪਿੰਡ ਬਾਜਕ 'ਚ ਹੋਏ ਇਕ ਕਰਿੰਦੇ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ 36 ਘੰਟਿਆਂ ਵਿਚ ਸੁਲਝਾਉਂਦੇ ਹੋਏ ਦੋ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ 'ਚ ਵਰਤੇ ਤੇਜ਼ਧਾਰ ਹਥਿਆਰ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ¢ ਇਸ ਸੰਬੰਧੀ ਕਾਨਫ਼ਰੰਸ ਕਰਦਿਆਂ ਜਸਮੀਤ ਸਿੰਘ ਸਾਹੀਵਾਲ ਐਸ. ਪੀ. (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ 10 ਜੂਨ ਨੂੰ ਨਾਇਬ ਸਿੰਘ (65) ਪੁੱਤਰ ਕਰਤਾਰ ਸਿੰਘ ਪਿੰਡ ਬਾਜਕ, ਜੋ ਕਿ ਬਾਜਕ ਦੇ ਠੇਕੇ ਉਪਰ ਕਰਿੰਦੇ ਵਜੋਂ ਕੰਮ ਕਰਦਾ ਸੀ, ਦਾ ਕਿਸੇ ਅਣਪਛਾਤੇ ਵਿਅਕਤੀਆਂ ਨੇ ਤਿੱਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ, ਜਿਸ ਸੰਬੰਧੀ ਮਿ੍ਤਕ ਦੇ ਪੁੱਤਰ ਰਣਜੀਤ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਨੰਦਗੜ੍ਹ ਵਿਖੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ¢ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਰਵਿੰਦਰ ਸਿੰਘ ਸਰਾਂ ਡੀ.ਐਸ.ਪੀ. ਦਿਹਾਤੀ ਤੇ ਸੰਦੀਪ ਭਾਟੀ ਡੀ.ਐਸ.ਪੀ. (ਡੀ) ਦੀ ਨਿਗਰਾਨੀ ਹੇਠ ਥਾਣਾ ਨੰਦਗੜ੍ਹ ਤੇ ਸੀ.ਆਈ.ਏ.-1 ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਟੈਕਨੀਕਲ ਸਾਧਨਾਂ ਅਤੇ ਹਿਊਮਨ ਇੰਟਲੈਜੈਂਸ ਦੀ ਮਦਦ ਨਾਲ ਇਸ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਗੋਬਿੰਦ ਸਿੰਘ ਉਰਫ਼ ਸ਼ਿੰਦਾ (28) ਅਤੇ ਹਰਪ੍ਰੀਤ ਸਿੰਘ ਉਰਫ਼ ਜੁਗਨੂੰ (23) ਵਾਸੀ ਪਿੰਡ ਨੰਦਗੜ੍ਹ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਹਥਿਆਰ ਇੱਕ ਕੁਹਾੜੀ ਲੋਹਾ, ਇਕ ਦਾਤਰ ਕਾਪਾ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ¢ ਐਸ.ਪੀ ਸਾਹੀਵਾਲ ਨੇ ਦੱਸਿਆ ਕਿ ਨਾਇਬ ਸਿੰਘ ਲੰਬੇ ਸਮੇਂ ਤੋਂ ਬਾਜਕ ਦੇ ਠੇਕੇ ਉਪਰ ਕਰਿੰਦੇ ਵਜੋਂ ਕੰਮ ਕਰਦਾ ਸੀ ਅਤੇ ਰਾਤ ਸਮੇਂ ਠੇਕੇ ਦੇ ਬਾਹਰ ਹੀ ਸੌ ਜਾਂਦਾ ਸੀ | 9-10 ਜੂਨ ਦੀ ਦਰਮਿਆਨੀ ਰਾਤ ਨੂੰ ਗੋਬਿੰਦ ਤੇ ਜੁਗਨੂੰ ਉਸ ਕੋਲ ਠੇਕੇ 'ਤੇ ਆਏ ਸਨ, ਜਿਨ੍ਹਾਂ ਨੇ ਨਾਇਬ ਤੋਂ ਸ਼ਰਾਬ ਦੀ ਬੋਤਲ ਮੰਗੀ ਪਰ ਨਾਇਬ ਨੇ ਠੇਕਾ ਬੰਦ ਹੋਣ ਬਾਰੇ ਦੱਸ ਕੇ ਸ਼ਰਾਬ ਦੇਣ ਤੋਂ ਮਨਾਂ ਕਰ ਦਿੱਤਾ, ਜਿਸ ਮਗਰੋਂ ਉਨ੍ਹਾਂ ਦੀ ਆਪਸ ਵਿਚ ਬਹਿਸਬਾਜ਼ੀ ਹੋਈ ਅਤੇ ਗੋਬਿੰਦ ਤੇ ਜੁਗਨੂੰ ਨੇ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ | ਜਾਂਦੇ ਸਮੇਂ ਮੁਲਜ਼ਮ ਮਿ੍ਤਕ ਦਾ ਮੋਬਾਇਲ ਤੇ ਪਰਸ ਲੈ ਗਏ ਸਨ, ਪਰ ਬਾਅਦ ਵਿਚ ਮੋਬਾਇਲ 'ਚ ਸਿੰਮ ਪਾਏ ਜਾਣ ਮਗਰੋਂ ਦੋਵੇਂ ਪੁਲਿਸ ਦੇ ਕਾਬੂ ਆ ਗਏ | ਉਨ੍ਹਾਂ ਦੱਸਿਆ ਕਿ ਸ਼ਿੰਦਾ 'ਤੇ ਪੰਜਾਬ ਦੇ ਅਲੱਗ ਅਲੱਗ ਥਾਣਿਆਂ ਵਿਚ ਵੱਖ-ਵੱਖ ਧਾਰਾਵਾਂ ਤਹਿਤ 11 ਪਰਚੇ ਦਰਜ ਹਨ, ਜਦਕਿ 2 ਪਰਚੇ ਹਰਿਆਣਾ ਵੀ ਦਰਜ ਹਨ ਅਤੇ ਇਹ ਕੁਝ ਸਮਾਂ ਪਹਿਲਾਂ ਹੀ ਸਿਰਸਾ ਜੇਲ੍ਹ ਵਿਚੋਂ ਬਾਹਰ ਆਇਆ ਸੀ | ਇਸੇ ਤਰ੍ਹਾਂ ਜੁਗਨੂੰ 'ਤੇ ਵੀ 4 ਪਰਚੇ ਦਰਜ ਹਨ |
ਪਿੰਡ ਬਾਜਕ 'ਚ ਕਰਿੰਦੇ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਦੋ ਗਿ੍ਫ਼ਤਾਰ
ਅਜੀਤ ਡੈਸਕ
15-06-2026