ਨਥਾਣਾ, 30 ਮਾਰਚ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਖੇਤੀਬਾੜੀ ਵਿਕਾਸ ਬੈਂਕ ਨਥਾਣਾ ਅੱਗੇ ਦੋ ਘੰਟੇ ਦਾ ਧਰਨਾ ਲਗਾ ਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ | ਇਸ ਮੌਕੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਗੁਰਮੇਲ ਸਿੰਘ ਲਹਿਰਾ, ਅੰਗਰੇਜ਼ ਸਿੰਘ ਕਲਿਆਣ ਅਤੇ ਜਸਵਿੰਦਰ ਸਿੰਘ ਕਲਿਆਣ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਪੱਖੀ ਅਖਵਾਉਣ ਵਾਲੀ ਸਰਕਾਰ ਨੇ 13 ਅਪ੍ਰੈਲ ਵਿਸਾਖੀ ਵਾਲੇ ਦਿਨ 'ਤੇ ਖੇਤੀ ਵਿਕਾਸ ਬੈਂਕ ਦੇ ਕਰਜ਼ਾਈ ਕਿਸਾਨਾਂ ਦੀਆਂ ਫ਼ੋਟੋਆਂ ਜਨਤਕ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ | ਆਗੂਆਂ ਨੇ ਕਿਹਾ ਕਿ ਹਰ ਕੋਈ ਭਲੀਭਾਂਤ ਜਾਣਦਾ ਹੈ ਕਿ ਜਿਸ ਕਿਸੇ ਕੋਲ ਕਰਜ਼ਾ ਮੋੜਨ ਦੀ ਸਮਰੱਥਾ ਹੋਵੇ, ਉਹ ਕਿਸਾਨ ਕਦੇ ਵੀ ਆਪਣੀ ਹੱਤਕ ਨਹੀਂ ਕਰਵਾਉਣੀ ਚਾਹੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੁਕਮਰਾਨ ਧਿਰ ਦੇ ਕਾਰਕੁਨਾਂ ਦੀ ਸਰਪ੍ਰਸਤੀ ਹੇਠ ਪਹਿਲਾਂ ਸ਼ੰਭੂ/ਖਨੌਰੀ ਬਾਰਡਰਾਂ ਤੋਂ ਆਪਣੇ ਹੱਕ ਮੰਗਦੇ ਕਿਸਾਨਾਂ ਦੀਆਂ ਟਰਾਲੀਆਂ, ਖਾਣ ਪੀਣ ਦੇ ਰਾਸ਼ਨ ਅਤੇ ਹੋਰ ਸਾਮਾਨ ਚੋਰੀ ਹੋਏ ਸਨ ਅਤੇ ਹੁਣ ਕਿਸਾਨੀ ਨੂੰ ਦੁਫਾੜ ਕਰਨ ਲਈ ਏਕੜ ਤੋਂ ਉੱਪਰ ਵਾਲੇ ਕਿਸਾਨਾਂ ਦੀਆਂ ਕੁਰਕੀਆਂ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ, ਜਦੋਂ ਕਿ ਕਿਸਾਨੀ ਦੇ ਇਹ ਹਾਲਾਤ ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਹੋਏ ਹਨ | ਕਿਸਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਪਿਛਲੇ ਦਿਨੀਂ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਨੇ ਖ਼ੁਦਕੁਸ਼ੀ ਕੀਤੀ ਹੈ, ਉਸ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਬੱਜੋਆਣਾ, ਗੁਰਜੰਟ ਸਿੰਘ ਕੋਠਾ ਗੁਰੂ, ਹਰਨੇਕ ਸਿੰਘ ਲਹਿਰਾ, ਬਿੱਕਰ ਸਿੰਘ ਕਲਿਆਣ, ਅਮਰੀਕ ਸਿੰਘ ਮਾੜੀ, ਸੁਖਦੇਵ ਸਿੰਘ, ਗੁਰਜੀਤ ਸਿੰਘ, ਜੱਸਾ ਧੂਰਕੋਟ, ਬਲਜਿੰਦਰ ਸਿੰਘ ਨਥਾਣਾ, ਮੰਦਰ ਸਿੰਘ, ਰਾਜਵਿੰਦਰ ਸਿੰਘ, ਸੁਖਦੀਪ ਸਿੰਘ, ਬਿੱਕਰ ਸਿੰਘ ਤੁੰਗਵਾਲੀ, ਬਲਵੀਰ ਸਿੰਘ ਲਹਿਰਾ, ਰਣਜੀਤ ਸਿੰਘ ਬੁਰਜ ਡੱਲਾ, ਗੁਰਮੇਲ ਸਿੰਘ ਗੰਗਾ ਨੇ ਵੀ ਆਪਣੇ ਵਿਚਾਰ ਰੱਖੇ |