ਕੋਟਫੱਤਾ, 30 ਮਾਰਚ (ਰਣਜੀਤ ਸਿੰਘ ਬੁੱਟਰ)-ਬਠਿੰਡਾ ਜ਼ਿਲੇ ਦੇ ਵੱਡੇ ਪਿੰਡ ਕੋਟਸ਼ਮੀਰ ਵਿਚ ਅੱਜ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਪੇਂਡੂ ਮਜ਼ਦੂਰਾਂ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਕੇ ਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਨ ਅਤੇ ਰਸੋਈ ਗੈਸ ਸਿਲੰਡਰਾਂ ਦੀ ਹੋ ਰਹੀ ਬਲੈਕ ਤੇ ਕਿੱਲਤ ਵਿਰੱਧ ਰੋਸ ਪ੍ਰਗਟ ਕੀਤਾ | ਉਨ੍ਹਾਂ ਸਿਰਾਂ ਉੱਤੇ ਖਾਲੀ ਸਿਲੰਡਰ ਚੁੱਕੇ ਹੋਏ ਸਨ ਅਤੇ ਮੁੱਖ ਸੜਕ ਉੱਤੇ ਪੁਤਲੇ ਨੂੰ ਅੱਗ ਲਾਕੇ ਕੇਂਦਰ ਸਰਕਾਰ ਦਾ ਸਿਆਪਾ ਕੀਤਾ | ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਠਾਕੁਰ ਸਿੰਘ ਤੇ ਸਥਾਨਕ ਆਗੂਆਂ ਗੁਰਦੀਪ ਸਿੰਘ, ਅੰਗਰੇਜ਼ ਸਿੰਘ, ਗੁਰਜੰਟ ਸਿੰਘ, ਕਾਕਾ ਸਿੰਘ, ਮਨਜੀਤ ਸਿੰਘ, ਜਗਰੂਪ ਸਿੰਘ ਰੂਪਾ, ਗੋਧਾ ਸਿੰਘ, ਵੀਰ ਪਾਲ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ ਤੇ ਸਚਿਆਰ ਕੌਰ ਨੇ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ | ਉਨ੍ਹਾਂ ਦੋਸ਼ ਲਾਇਆ ਕਿ ਗੈਸ ਸਿਲੰਡਰਾਂ ਦੀ ਕੋਈ ਘਾਟ ਨਾ ਹੋਣ ਦੇ ਬਾਵਜੂਦ ਜੰਗ ਦਾ ਬਹਾਨਾ ਲਾਕੇ ਗੈਸ ਦੀ ਬਲੈਕ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੈਸ ਸਿਲੰਡਰ 2200 ਰੁਪਏ ਤੋਂ ਲੈਕੇ 3000 ਰੁਪਏ ਤੱਕ ਵੇਚੇ ਜਾ ਰਹੇ ਹਨ | ਸਰਕਾਰ ਇਨ੍ਹਾਂ ਲੁਟੇਰੀਆਂ ਕੰਪਨੀਆਂ ਨਾਲ ਮਿਲੀ ਹੋਈ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਲੈਕ ਬੰਦ ਨਾ ਹੋਈ ਤਾਂ ਗੈਸ ਏਜੰਸੀਆਂ ਦੇ ਘੇਰਾਓ ਕੀਤੇ ਜਾਣਗੇ | ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ 2005 ਵਾਲਾ ਪੁਰਾਣਾ ਨਰੇਗਾ ਕਾਨੂੰਨ ਬਹਾਲ ਕਰਨ, ਨਵਾਂ ਜੀ ਰਾਮ ਜੀ ਐਕਟ ਖਤਮ ਕਰਨ ਅਤੇ ਪਿੰਡਾਂ ਦੇ ਨਾਲ ਨਾਲ ਛੋਟੇ ਵੱਡੇ ਕਸਬਿਆਂ ਤੇ ਸ਼ਹਿਰਾਂ ਵਿਚ ਵੀ ਨਰੇਗਾ ਸਕੀਮ ਅਧੀਨ ਗਰੀਬਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਨਰੇਗਾ ਦੀ ਦਿਹਾੜੀ ਸਰਕਾਰੀ ਖਜ਼ਾਨੇ ਵਿਚੋਂ ਮਿਲਦੀ ਹੈ ਤੇ ਸਰਕਾਰ ਦੇ ਕਾਨੂੰਨ ਮੁਤਾਬਿਕ ਘੱੱਟੋ ਘੱਟ ਉਜ਼ਰਤ 18000 ਰੁਪਏ ਮਹੀਨਾ ਤੋ ਘੱਟ ਨਹੀਂ ਹੋ ਸਕਦੀ, ਇਸ ਲਈ ਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਕਹਿੰਦੀ ਹੈ ਕਿ ਸਾਲ ਵਿਚ ਹਰ ਨਰੇਗਾ ਮਜ਼ਦੂਰ ਨੂੰ 125 ਦਿਨ ਕੰਮ ਦੇਣ ਦੀ ਗਾਰੰਟੀ ਹੈ, ਪਰ ਦੂਜੇ ਪਾਸੇ ਘੱਟ ਮਿਲੀਆਂ ਦਿਹਾੜੀਆਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ | ਉਨ੍ਹਾਂ ਦੋਸ਼ ਲਾਇਆ ਕਿ 125 ਦੀ ਗਾਰੰਟੀ ਕੇਵਲ ਨਾਮ ਦੀ ਹੀ ਗਾਰੰਟੀ ਹੈ | ਸ੍ਰੀ ਜੋਗਾ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਵਾਪਿਸ ਲੈਣ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਸਾਰੀਆਂ ਫਸਲਾਂ ਉੱਤੇ ਐਮ ਐਸ ਪੀ ਵੀ ਛੇਤੀ ਦਿੱਤੀ ਜਾਵੇਗੀ, ਜੋ ਇਕ ਸ਼ਗੂਫ਼ਾ ਬਣਕੇ ਰਹਿ ਗਿਆ |
ਖੇਤ ਮਜ਼ਦੂਰ ਸਭਾ ਨੇ ਕੋਟਸ਼ਮੀਰ ਵਿਚ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ <br/>
ਕੋਟਸ਼ਮੀਰ ਵਿਖੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਖੇਤ ਮਜ਼ਦੂਰ ਸਭਾ ਦੇ ਆਗੂ | ਤਸਵੀਰ: ਰਣਜੀਤ ਸਿੰਘ ਬੁੱਟਰ<br/>
31-03-2026