ਬਠਿੰਡਾ, 30 ਮਾਰਚ (ਸੱਤਪਾਲ ਸਿੰਘ ਸਿਵੀਆਂ)-ਰੰਘਰੇਟਾ ਪਾਰਲੀਮੈਂਟ ਪੰਜਾਬ ਨੇ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਣ ਦਾ ਐਲਾਨ ਕੀਤਾ ਹੈ, ਜਿਸ ਸਬੰਧੀ ਸਥਾਨਕ ਬੀਬੀਵਾਲਾ ਰੋਡ 'ਤੇ ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਰਾਮੂਵਾਲੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਰੰਗਰੇਟਾ ਪਾਰਲੀਮੈਂਟ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰ ਸਿੰਘ ਸਹੋਤਾ (ਸੇਵਾਮੁਕਤ ਐਸ.ਡੀ.ਓ.) ਨੇ ਕਿਹਾ ਕਿ ਪੰਜਾਬ ਭਰ ਅੰਦਰ ਮਜ਼ਬੀ ਸਿੱਖ ਸਮਾਜ ਦੀ 60 ਲੱਖ ਆਬਾਦੀ ਹੈ ਪਰ ਅੱਜ ਤੱਕ ਕਿਸੇ ਵੀ ਸਿਆਸੀ ਧਿਰ ਨੇ ਇਸ ਸਮਾਜ ਨੂੰ ਬਣਦੀ ਨੁਮਾਇੰਦਗੀ ਨਹੀਂ ਦਿੱਤੀ ਤੇ ਸਿਰਫ ਵੋਟ ਬੈਂਕ ਸਮਝਿਆ ਹੈ | ਉਨ੍ਹਾਂ ਦੀ ਜਥੇਬੰਦੀ ਨੇ ਮਜ਼ਬੀ ਸਿੱਖ ਸਮਾਜ ਨੂੰ ਲਾਮਬੰਦ ਕਰਦਿਆਂ ਪੰਜਾਬ ਵਿਧਾਨ ਸਭਾ ਦੀਆਂ ਸਾਲ 2027 'ਚ ਹੋਣ ਵਾਲੀਆਂ ਚੋਣਾਂ ਹਮਖਿਆਲੀ ਧਿਰਾਂ ਨਾਲ ਲੜਣ ਦਾ ਫੈਸਲਾ ਕੀਤਾ ਹੈ, ਜਿਸ ਲਈ ਬਠਿੰਡਾ ਸਮੇਤ ਸਾਰੀਆਂ 117 ਸੀਟਾਂ 'ਤੇ ਉਮੀਦਵਾਰ ਚੋਣ ਮੈਦਾਨ ਵਿਚ ਉੱਤਾਰੇ ਜਾਣਗੇ | ਉਨ੍ਹਾਂ ਦੱਸਿਆ ਕਿ ਰੰਘਰੇਟਾ ਪਾਰਲੀਮੈਂਟ ਪੰਜਾਬ ਨੇ ਹੁਣ ਤੱਕ ਜਿਲ੍ਹਾ ਲੁਧਿਆਣਾ, ਮੋਗਾ ਅਤੇ ਫਰੀਦਕੋਟ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਆਪਣੇ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਛੇਤੀ ਜਿਲ੍ਹਾਵਾਰ ਮੀਟਿੰਗਾਂ ਕਰਕੇ ਉਮੀਦਵਾਰ ਘੋਸ਼ਿਤ ਕੀਤੇ ਜਾਣਗੇ | ਸਹੋਤਾ ਨੇ ਮਜ਼ਬੀ ਸਿੱਖ ਸਮਾਜ ਨੂੰ ਆਪਣੀ ਆਰਥਿਕ, ਸਮਾਜਿਕ, ਰਾਜਨੀਤਕ ਮਜ਼ਬੂਤੀ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ |
ਰੰਘਰੇਟਾ ਪਾਰਲੀਮੈਂਟ ਪੰਜਾਬ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ <br/>
ਅਜੀਤ ਡੈਸਕ
31-03-2026