ਰਾਮਪੁਰਾ ਫੂਲ, 26 ਮਾਰਚ (ਹੇਮੰਤ ਕੁਮਾਰ ਸ਼ਰਮਾ): ਰਾਮਪੁਰਾ ਫੂਲ ਦੇ ਸਦਰ ਬਾਜ਼ਾਰ ਵਿਚ ਟਰੇਡ ਵਿੰਗ ਵਲੋਂ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਮਿਲਣੀ ਦਾ ਆਯੋਜਨ ਕੀਤਾ ਗਿਆ | ਇਸ ਮਿਲਣੀ ਦਾ ਮੁੱਖ ਉਦੇਸ਼ ਇਲਾਕੇ ਦੇ ਵਪਾਰੀਆਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ | ਇਸ ਦੌਰਾਨ ਵਪਾਰੀ ਭਰਾਵਾਂ ਨੇ ਆਪਣੇ ਵਪਾਰ ਨਾਲ ਸੰਬੰਧਿਤ ਮੁੱਦੇ ਜਿਵੇਂ ਕਿ ਸਥਾਨਕ ਪ੍ਰਬੰਧਕੀ ਸਮੱਸਿਆਵਾਂ, ਟੈਕਸ, ਲਾਇਸੈਂਸ ਨਾਲ ਜੁੜੀਆਂ ਮੁਸ਼ਕਲਾਂ ਅਤੇ ਹੋਰ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ | ਇਸ ਮੌਕੇ 'ਤੇ ਮੌਜੂਦ ਅਧਿਕਾਰੀਆਂ ਵਲੋਂ ਵਪਾਰੀਆਂ ਦੀਆਂ ਗੱਲਾਂ ਨੂੰ ਸੁਣਿਆ ਗਿਆ ਅਤੇ ਕਈ ਮਸਲੇ ਤੁਰੰਤ ਹੀ ਮੌਕੇ 'ਤੇ ਹੱਲ ਕਰ ਦਿੱਤੇ ਗਏ | ਇਸ ਮੌਕੇ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਪਹਿਲ ਹੈ ਅਤੇ ਇਸ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ | ਉਨ੍ਹਾਂ ਨੇ ਭਰੋਸਾ ਦਿੱਤਾ ਕਿ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਲਈ ਪ੍ਰਸ਼ਾਸਨ ਹਮੇਸ਼ਾ ਤਿਆਰ ਹੈ | ਇਸ ਤੋਂ ਇਲਾਵਾ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਬਿਕਰਮ ਲਵਲੀ ਅਤੇ ਹਲਕਾ ਰਾਮਪੁਰਾ ਦੇ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਵਿਕਰਮ ਸਿੰਘ ਨੇ ਵੀ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਵਿਭਾਗੀ ਕਾਰਵਾਈ ਨੂੰ ਹੋਰ ਸੌਖਾ ਬਣਾਇਆ ਜਾਵੇਗਾ | ਅੰਤ ਵਿਚ ਸਾਰੇ ਵਪਾਰੀ ਭਰਾਵਾਂ ਅਤੇ ਹਾਜ਼ਰ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਕੀਮਤੀ ਹਾਜ਼ਰੀ ਨਾਲ ਇਸ ਮਿਲਣੀ ਨੂੰ ਕਾਮਯਾਬ ਬਣਾਇਆ ਅਤੇ ਇਸ ਨੰੂ ਇੱਕ ਸਫਲ ਅਤੇ ਪ੍ਰਭਾਵਸ਼ਾਲੀ ਉਪਰਾਲਾ ਬਣਾਇਆ |