ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ): ਚੈਤਰ ਨਵਰਾਤਰਾਂ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਅਸ਼ਟਮੀ ਦੇ ਦਿਨ ਸ਼ਰਧਾ ਅਤੇ ਭਗਤੀ ਦਾ ਅਦਭੁਤ ਮਾਹੌਲ ਵੇਖਣ ਨੂੰ ਮਿਲਿਆ | ਸਵੇਰੇ ਤੋਂ ਹੀ ਘਰ-ਘਰ ਵਿਚ ਕੰਜਕ ਪੂਜਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ | ਨਿੱਕੀਆਂ-ਨਿੱਕੀਆਂ ਕੁੜੀਆਂ ਨੂੰ ਦੇਵੀ ਦਾ ਰੂਪ ਮੰਨ ਕੇ ਉਨ੍ਹਾਂ ਦਾ ਰੀਤੀ-ਰਿਵਾਜ ਨਾਲ ਪੂਜਨ ਕੀਤਾ ਗਿਆ | ਸਵੇਰੇ-ਸਵੇਰੇ ਹੀ ਸ਼ਰਧਾਲੂਆਂ ਨੇ ਆਪਣੇ ਘਰਾਂ ਵਿਚ ਕੁੜੀਆਂ ਨੂੰ ਬੁਲਾ ਕੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਚਰਨ ਧੋਏ | ਇਸ ਤੋਂ ਬਾਅਦ ਉਨ੍ਹਾਂ ਨੂੰ ਸਾਫ਼ ਸੁਥਰੇ ਅਸਥਾਨ 'ਤੇ ਬਿਠਾ ਕੇ ਮਾਤਾ ਰਾਣੀ ਦਾ ਭੋਗ-ਹਲਵਾ, ਪੂਰੀ ਅਤੇ ਚਣੇ ਦਾ ਪ੍ਰਸਾਦ ਵਜੋਂ ਪੇਸ਼ ਕੀਤਾ ਗਿਆ | ਸ਼ਰਧਾਲੂਆਂ ਨੇ ਕੁੜੀਆਂ ਦੇ ਚਰਨ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨੂੰ ਦਸ਼ਣਾ, ਤੋਹਫ਼ੇ ਅਤੇ ਕੱਪੜੇ ਭੇਂਟ ਕੀਤੇ ਗਏ | ਇਸ ਦੌਰਾਨ 'ਜੈ ਮਾਤਾ ਦੀ' ਅਤੇ 'ਸੱਚੇ ਦਰਬਾਰ ਦੀ ਜੈ' ਦੇ ਜੈਕਾਰੇ ਲੱਗਦੇ ਰਹੇ ਅਤੇ ਸਾਰਾ ਮਾਹੌਲ ਭਗਤੀਮਈ ਬਣ ਗਿਆ | ਅਸ਼ਟਮੀ ਦੇ ਦਿਨ ਕੰਜਕ ਪੂਜਨ ਦਾ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ ਅਤੇ ਨਿੱਕੀਆਂ ਕੁੜੀਆਂ ਵਿਚ ਮਾਂ ਦੁਰਗਾ ਦੇ ਨੌਂ ਰੂਪ ਵੱਸਦੇ ਹਨ, ਇਸ ਲਈ ਉਨ੍ਹਾਂ ਦਾ ਸਨਮਾਨ ਅਤੇ ਪੂਜਾ ਕਰਨ ਨਾਲ ਮਾਤਾ ਰਾਣੀ ਪ੍ਰਸੰਨ ਹੁੰਦੀ ਹੈ ਅਤੇ ਘਰ ਵਿਚ ਸੁੱਖ-ਸਮਿ੍ੱਧੀ ਆਉਂਦੀ ਹੈ | ਇਸੇ ਕਰਕੇ ਹਰ ਵਰਗ ਦੇ ਲੋਕ ਇਹ ਦਿਨ ਬੜੀ ਸ਼ਰਧਾ ਨਾਲ ਮਨਾਉਂਦੇ ਹਨ | ਕਈ ਥਾਵਾਂ 'ਤੇ ਮੰਦਿਰਾਂ ਵਿਚ ਵਿਸ਼ੇਸ਼ ਪੂਜਾ ਅਤੇ ਭੰਡਾਰਾ ਲਗਾਇਆ ਜਾਂਦਾ ਹੈ, ਜਿੱਥੇ ਸ਼ਰਧਾਲੂਆਂ ਨੇ ਪ੍ਰਸਾਦ ਪ੍ਰਾਪਤ ਕਰਕੇ ਮਾਤਾ ਦਾ ਆਸ਼ੀਰਵਾਦ ਲਿਆ | ਔਰਤਾਂ ਅਤੇ ਬੱਚਿਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ, ਜਦਕਿ ਘਰਾਂ ਵਿਚ ਸੋਹਣੀ ਸਜਾਵਟ ਕਰਕੇ ਮਾਤਾ ਦੀ ਚੌਕੀ ਸਜਾਈ ਗਈ ਅਤੇ ਪੂਜਾ ਅਰਚਨਾ ਕੀਤੀ ਗਈ | ਅਸ਼ਟਮੀ ਦਾ ਇਹ ਪਵਿੱਤਰ ਤਿਉਹਾਰ ਇੱਕ ਵਾਰ ਫਿਰ ਭਾਰਤੀ ਸੰਸਕਿ੍ਤੀ ਅਤੇ ਪਰੰਪਰਾਵਾਂ ਦੀ ਗਹਿਰਾਈ ਨੂੰ ਦਰਸਾਉਂਦਾ ਹੈ, ਜਿੱਥੇ ਨਾਰੀ ਸ਼ਕਤੀ ਨੂੰ ਦੇਵੀ ਦੇ ਰੂਪ ਵਿਚ ਸਨਮਾਨ ਦਿੱਤਾ ਜਾਂਦਾ ਹੈ | ਹਰ ਘਰ ਵਿਚ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਕਾਮਨਾ ਨਾਲ ਪੂਜਾ ਕੀਤੀ |