ਗੋਨਿਆਣਾ, 26 ਮਾਰਚ (ਲਛਮਣ ਦਾਸ ਗਰਗ)-ਵੈਸੇ ਤਾਂ ਸਾਰੇ ਸ਼ਹਿਰ ਵਿਚ ਸੀਵਰੇਜ ਦੀ ਗੰਭੀਰ ਸਮੱਸਿਆ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਬਣਾਈ ਹੋਈ ਹੈ ਕਈ ਥਾਵਾਂ 'ਤੇ ਸੀਵਰੇਜ ਓਵਰਫ਼ਲੋ ਹੋ ਰਿਹਾ ਹੈ, ਜਦਕਿ ਕੁਝ ਇਲਾਕਿਆਂ ਵਿਚ ਤਾਂ ਸੀਵਰੇਜ ਦਾ ਗੰਦਾ ਪਾਣੀ ਵਾਟਰ ਵਰਕਸ ਪੀਣ ਵਾਲੇ ਪਾਣੀ ਵਿਚ ਮਿਲਣ ਕਾਰਨ ਸਿਹਤ ਸੰਬੰਧੀ ਖ਼ਤਰੇ ਵੱਧ ਰਹੇ ਹਨ | ਇਸ ਤੋਂ ਵੀ ਵੱਡੀ ਬੇਧਿਆਨੀ ਦਾ ਸਬੂਤ ਸਥਾਨਕ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਨੇੜੇ ਦੇ ਹਾਲਾਤ ਹਨ, ਜਿੱਥੇ ਆਉਣ ਵਾਲੀ 2 ਅਪ੍ਰੈਲ 2026 ਨੂੰ ਸ੍ਰੀ ਹਨੂੰਮਾਨ ਜੀ ਦਾ ਜਨਮ ਉਤਸਵ ਮੌਕੇ ਲੱਗਣ ਵਾਲੇ ਵਿਸ਼ਾਲ ਮੇਲੇ ਲਗਭਗ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ, ਪਰ ਮੰਦਰ ਦੇ ਇਕ ਪਾਸੇ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਰਿਹਾ ਹੈ, ਜਿਸ ਨਾਲ ਮੰਦਰ ਦੇ ਕੋਲ ਗੰਦਗੀ ਅਤੇ ਬਦਬੂ ਫੈਲੀ ਹੋਈ ਹੈ | ਇਸ ਸੰਬੰਧੀ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਦੇ ਪ੍ਰਧਾਨ ਸ਼ਾਮ ਲਾਲ ਬਾਂਸਲ, ਸੀਨੀਅਰ ਮੈਂਬਰ ਸੋਹਨ ਲਾਲ ਗਰਗ, ਸੈਕਟਰੀ ਰਵਿੰਦਰ ਬਾਂਸਲ ਨੇ ਦੱਸਿਆ ਕਿ 2 ਅਪ੍ਰੈਲ 2026 ਨੂੰ ਸ਼੍ਰੀ ਹਨੂੰਮਾਨ ਜੀ ਦਾ ਜਨਮ ਉਤਸਵ ਮੌਕੇ ਮੰਦਰ ਕਮੇਟੀ ਵਲੋਂ ਹਰ ਤਰ੍ਹਾਂ ਮੰਦਰ ਦੇ ਕੋਲ ਖਾਲੀ ਪਈ ਜਗ੍ਹਾ ਵਿੱਚ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਜਾਣਾ ਹੈ ਤੇ ਸੀਵਰੇਜ ਦੇ ਓਵਰਫ਼ਲੋ ਕਾਰਨ ਖੁੱਲ੍ਹੇ ਸਥਾਨ ਵਿੱਚ ਲੱਗਣ ਵਾਲੇ ਲੰਗਰ ਦੀ ਵਿਵਸਥਾ ਵੀ ਇਸ ਸਮੱਸਿਆ ਨਾਲ ਪ੍ਰਭਾਵਿਤ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਨਗਰ ਕੌਂਸਲ ਦੇ ਕੌਂਸਲਰਾਂ ਅਤੇ ਵਾਟਰ ਵਰਕਸ ਤੇ ਸੀਵਰੇਜ ਦੇ ਇੰਚਾਰਜ ਸੁਖਮੰਦਰ ਮਾਨ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਮੰਦਰ ਕਮੇਟੀ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਮੇਲੇ ਤੋਂ ਪਹਿਲਾਂ ਸੀਵਰੇਜ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਸੰਬੰਧੀ ਜਦੋਂ ਵਾਟਰ ਵਰਕਸ ਤੇ ਸੀਵਰੇਜ ਦੇ ਇੰਚਾਰਜ ਸੁਖਮੰਦਰ ਸਿੰਘ ਮਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਕੋਲ ਸੀਵਰੇਜ ਦਾ ਪਾਣੀ ਛੱਡਣ ਲਈ ਜਿੱਥੇ ਖੁੱਲ੍ਹੀ ਜਗ੍ਹਾ ਲਈ ਗਈ ਹੈ ਉਨ੍ਹਾਂ ਮੋਟਰਾਂ ਦੀ ਦਿੱਕਤ ਹੈ ਕਿਉਂਕਿ ਮੋਟਰਾਂ ਰਾਹੀ ਪਾਣੀ ਘੱਟ ਨਿਕਲ ਰਿਹਾ ਹੈ ਤੇ ਰਹੀ ਗੱਲ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਕੋਲ ਸੀਵਰੇਜ ਦੀ ਸਮੱਸਿਆ ਦੇ ਹੱਲ ਦੀ, ਇਕ ਵਾਰ ਅਸਥਾਈ ਤੌਰ ਤੇ ਸੀਵਰੇਜ ਦਾ ਪਾਣੀ ਚੁੱਕਣ ਵਾਲੀ ਮਸ਼ੀਨ ਮੰਦਰ ਦੇ ਇਸ ਪ੍ਰੋਗਰਾਮ ਤੱਕ ਲਗਾਤਾਰ ਉੱਥੇ ਲਗਾ ਦਿੱਤੀ ਜਾਵੇਗੀ ਤੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ |