07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰਾਜਸਥਾਨੀ ਜੋੜੇ ਨੇ ਸੋਨੇ ਦੇ ਜਾਅਲੀ ਸਿੱਕੇ ਗਿਰਵੀ ਰੱਖ ਕੇ ਸੁਨਿਆਰੇ ਨਾਲ ਲੱਖਾਂ ਦੀ ਠੱਗੀ ਮਾਰੀ

ਅਜੀਤ ਡੈਸਕ 02-02-2026
ਬਠਿੰਡਾ, 1 ਫਰਵਰੀ (ਪੱਤਰ ਪ੍ਰੇਰਕ)- ਇਕ ਰਾਜਸਥਾਨੀ ਜੋੜੇ ਵਲੋਂ ਸੋਨੇ ਦੀ ਜਾਅਲੀ ਸਿੱਕਿਆਂ ਨੂੰ ਅਸਲੀ ਦੱਸ ਕੇ ਇਕ ਵਿਅਕਤੀ ਕੋਲ ਗਿਰਵੀ ਰੱਖ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਆਧਾਰ 'ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਥਿਤ ਦੋਸ਼ੀ ਜੋੜੇ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਹ ਮਾਮਲਾ ਪੀੜਤ ਸੁਨਿਆਰੇ ਵਲੋਂ ਉੱਚ-ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਬਾਅਦ ਦਰਜ ਹੋਇਆ ਹੈ | ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਬੈਂਕ ਬਾਜ਼ਾਰ 'ਚ ਸੁਨਿਆਰੇ ਦਾ ਕਾਰੋਬਾਰ ਕਰਦੇ ਸਾਹਿਲ ਖਿੱਪਲ ਵਾਸੀ ਵਿਸ਼ਾਲ ਨਗਰ ਬਠਿੰਡਾ ਨੇ ਉੱਚ-ਪੁਲਿਸ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਸਮਾਂ ਪਹਿਲਾਂ ਉਸ ਕੋਲ ਰਾਜਸਥਾਨ ਦਾ ਰਹਿਣ ਵਾਲਾ ਇਕ ਜੋੜਾ ਆਇਆ ਸੀ, ਜਿਸ ਨੇ ਸੋਨੇ ਦੇ ਕੁਝ ਸਿੱਕੇ ਉਸ ਕੋਲ ਗਿਰਵੀ ਰੱਖਣ ਬਦਲੇ ਪੈਸਿਆਂ ਦੀ ਮੰਗ ਕੀਤੀ ਤੇ ਉਸ ਨੇ ਉਨ੍ਹਾਂ ਨੂੰ ਸੋਨੇ ਦੇ ਉਕਤ ਸਿੱਕੇ ਗਿਰਵੀ ਰੱਖ ਕੇ 37 ਲੱਖ ਰੁਪਏ ਦੇ ਦਿੱਤੇ ਪਰ ਜਦੋਂ ਉਕਤ ਸਿੱਕਿਆਂ ਦੀ ਜਾਂਚ ਕੀਤੀ ਗਈ ਤਾਂ ਉਹ ਜਾਅਲੀ ਨਿਕਲੇ ਤੇ ਅਜਿਹਾ ਕਰਕੇ ਉਕਤ ਜੋੜੇ ਨੇ ਉਸ ਨਾਲ 37 ਲੱਖ ਰੁਪਏ ਦੀ ਠੱਗੀ ਮਾਰੀ ਹੈ | ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਅਤੇ ਸ਼ਿਕਾਇਤਕਰਤਾ ਦੀ ਸ਼ਨਾਖ਼ਤ ਦੇ ਆਧਾਰ 'ਤੇ ਉਸ ਨਾਲ ਠੱਗੀ ਮਾਰਨ ਵਾਲੇ ਜੋੜੇ ਨਾਰੇਸ਼ ਕੁਮਾਰ ਅਤੇ ਵੀਨਾ ਵਾਸੀ ਰਾਜਸਥਾਨ ਦੇ ਖਿਲਾਫ਼ ਥਾਣਾ ਕੋਤਵਾਲੀ 'ਚ ਮੁਕੱਦਮਾ ਦਰਜ ਕੀਤਾ ਹੈ ਤੇ ਉਕਤ ਜੋੜੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
• ਸੋਨੇ ਦੇ ਗਹਿਣੇ ਅਤੇ ਨਗਦੀ ਕੀਤੀ ਚੋਰੀ-ਸਥਾਨਕ ਮਾਡਲ ਟਾਊਨ ਦੇ ਇਕ ਘਰ 'ਚੋਂ ਚੋਰਾਂ ਵਲੋਂ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ ਹਰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਏ ਬਿਆਨ ਵਿਚ ਕੁਲਵੰਤ ਰਾਏ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਬੀਤੀ 30-31 ਜਨਵਰੀ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰੋਂ ਸੋਨੇ ਦੇ ਕੁਝ ਗਹਿਣੇ ਅਤੇ 59 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਹਨ | ਥਾਣਾ ਮੁੱਖੀ ਨੇ ਕਿਹਾ ਕਿ ਪੀੜਤ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਔਰਤਾਂ 'ਚ ਵੀ ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਦਾ ਰੁਝਾਨ ਵਧਣ ਲੱਗਿਆ ਅਗਲੀ ਖ਼ਬਰ ਵਕੀਲ ਵਲੋਂ ਅਦਾਲਤੀ ਕਾਰ ਪਾਰਕਿੰਗ ਦੇ ਕਰਮਚਾਰੀ ਦੀ ਕੁੱਟਮਾਰ, ਵੀਡੀਓ ਹੋਈ ਜਨਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।