ਪੀ.ਏ.ਯੂ-ਕੇ.ਵੀ.ਕੇ, ਫ਼ਿਰੋਜ਼ਪੁਰ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਤਹਿਤ ਲਗਾਇਆ ਪੰਜ ਦਿਨਾਂ ਸਿਖਲਾਈ ਕੋਰਸ ਮੁਕੰਮਲ
ਫ਼ਿਰੋਜ਼ਪੁਰ,4 ਅਗਸਤ (ਕੁਲਬੀਰ ਸਿੰਘ ਸੋਢੀ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਵਲੋਂ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ, ਜੋ ਮਿਤੀ 27 ਜੁਲਾਈ ਤੋਂ 3 ਅਗਸਤ ਤੱਕ ਚਲਾਇਆ ਗਿਆ ਹੈ। ਇਸ ਸਿਖਲਾਈ ਵਿਚ ਪਿੰਡੇ ਲੱਲੇ, ਬਲਾਕ ਘੱਲ ਖ਼ੁਰਦ ਦੇ ਕਰੀਬ 25 ਕਿਸਾਨਾਂ ਨੇ ਭਾਗ ਲਿਆ।
ਫ਼ਿਰੋਜ਼ਪੁਰ,4 ਅਗਸਤ (ਕੁਲਬੀਰ ਸਿੰਘ ਸੋਢੀ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਵਲੋਂ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ, ਜੋ ਮਿਤੀ 27 ਜੁਲਾਈ ਤੋਂ 3 ਅਗਸਤ ਤੱਕ ਚਲਾਇਆ ਗਿਆ ਹੈ। ਇਸ ਸਿਖਲਾਈ ਵਿਚ ਪਿੰਡੇ ਲੱਲੇ, ਬਲਾਕ ਘੱਲ ਖ਼ੁਰਦ ਦੇ ਕਰੀਬ 25 ਕਿਸਾਨਾਂ ਨੇ ਭਾਗ ਲਿਆ। ਇਸ ਕੋਰਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੀ ਵਿਗਿਆਨਕ ਤਰੀਕੇ ਸੰਭਾਲ, ਮਿੱਟੀ ਦੀ ਸਿਹਤ ਸੁਧਾਰ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨਾ ਸੀ। ਸਿਖਲਾਈ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਡਾ.ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ ਕੇ.ਵੀ.ਕੇ ਫਿਰੋਜ਼ਪੁਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵਿਗਿਆਨਕ ਢੰਗ ਨਾਲ ਖੇਤ ਵਿਚ ਹੀ ਸੰਭਾਲ ਹੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਦਾ ਸਹੀ ਪ੍ਰਬੰਧਨ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ, ਜੈਵਿਕ ਮਾਦੇ ਵਿਚ ਵਾਧਾ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਡਾ. ਮਨਜੀਤ ਕੌਰ (ਭੂਮੀ ਵਿਗਿਆਨ) ਨੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਖੇਤ ਵਿਚ ਹੀ ਸੰਭਾਲਣ ਦੇ ਫ਼ਾਇਦੇ, ਮਿੱਟੀ ਦੀ ਸਿਹਤ, ਜੈਵਿਕ ਮਾਦੇ ਵਿਚ ਵਾਧਾ ਅਤੇ ਸੰਤੁਲਿਤ ਪੌਸ਼ਟਿਕ ਤੱਤ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਮਲਚਰ ਅਤੇ ਹੋਰ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਸਹੀ ਵਰਤੋਂ ਅਤੇ ਰੱਖ-ਰਖਾਅ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਹਰਵਿੰਦਰ ਸਿੰਘ ਬੁੱਟਰ (ਪੌਦਾ ਸੁਰੱਖਿਆ) ਨੇ ਪਰਾਲੀ ਪ੍ਰਬੰਧਨ ਨਾਲ ਕੀੜਿਆਂ ਅਤੇ ਬਿਮਾਰੀਆਂ ਦੇ ਆਪਸੀ ਸਬੰਧ, ਏਕੀਕ੍ਰਿਤ ਕੀਟ ਅਤੇ ਰੋਗ ਪ੍ਰਬੰਧਨ ਅਤੇ ਵਾਤਾਵਰਣ ਪੱਖੀ ਪੌਦਾ ਸੁਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਡਾ.ਭੱਲਣ ਸਿੰਘ ਸੇਖੋਂ (ਸਬਜ਼ੀ ਵਿਗਿਆਨ) ਨੇ ਫ਼ਸਲੀ ਰਹਿੰਦ-ਖੂੰਹਦ ਦੀ ਵਰਤੋਂ ਸਬਜ਼ੀਆਂ ਅਤੇ ਫਲਾਂ ਵਿਚ ਮਲਚਿੰਗ, ਖੁੰਬਾਂ ਲਈ ਕੰਪੋਸਟ ਤਿਆਰ ਕਰਨ ਅਤੇ ਸਬਜ਼ੀਆਂ ਦੀਆਂ ਸਿਫ਼ਾਰਸ਼ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ। ਡਾ.ਦਿਵਿਆ ਜੈਨ (ਗ੍ਰਹਿ ਵਿਗਿਆਨ) ਨੇ ਕਿਸਾਨਾਂ ਨੂੰ ਸਿਹਤ ਸੰਬੰਧੀ ਅਤੇ ਖੇਤੀ ਵਿਚ ਪਰਿਵਾਰ ਦੀ ਭੂਮਿਕਾ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਸਿਖਲਾਈ ਦੇ ਅੰਤ ਵਿਚ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਦੌਰਾਨ ਮਾਹਿਰਾਂ ਨੇ ਕਿਸਾਨਾਂ ਦੀਆਂ ਖੇਤੀ ਸਬੰਧੀ ਸਮੱਸਿਆਵਾਂ ਦੇ ਵਿਗਿਆਨਕ ਹੱਲ ਸੁਝਾਏ। ਕਿਸਾਨਾਂ ਨੇ ਕੇ.ਵੀ.ਕੇ ਫ਼ਿਰੋਜ਼ਪੁਰ ਵਲੋਂ ਕਰਵਾਈ ਗਈ। ਇਸ ਸਿਖਲਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਰਾਲੀ ਪ੍ਰਬੰਧਨ ਦੀਆਂ ਵਿਗਿਆਨਕ ਤਕਨੀਕਾਂ ਨੂੰ ਆਪਣੇ ਖੇਤਾਂ ਵਿਚ ਅਪਣਾਉਣਗੇ।