17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆੜ੍ਹਤੀਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਮੁਸ਼ਕਿਲਾਂ ਸੁਣਾਈਆਂ

ਅਜੀਤ ਡੈਸਕ 10-05-2026
ਜ਼ੀਰਾ, 9 ਮਈ (ਰਜਨੀਸ਼ ਕਥੂਰੀਆ)-ਅਨਾਜ ਮੰਡੀ ਜ਼ੀਰਾ ਦੇ ਆੜ੍ਹਤੀਆਂ ਵਲੋਂ ਆਪਣੀਆਂ ਮੁਸ਼ਕਲਾਂ ਸੁਣਾਉਣ ਲਈ ਆੜ੍ਹਤੀ ਗੁਰਚਰਨ ਸਿੰਘ ਢਿੱਲੋਂ ਦੀ ਆੜ੍ਹਤ 'ਤੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਖਹਿਰਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਯੂਨੀਅਨ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਸਿੰਘ ਮੀਹਾਂ ਸਿੰਘ ਵਾਲਾ, ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਆਦਿ ਕਿਸਾਨ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਦੌਰਾਨ ਆੜ੍ਹਤੀਆਂ ਨੇ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਵਲੋਂ ਕੀਤੇ ਗਏ ਨਾਕਸ ਪ੍ਰਬੰਧਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਖ਼ਰੀਦ ਕੀਤੇ ਜਾਣ ਤੋਂ ਬਾਅਦ ਲੇਬਰ ਠੇਕੇਦਾਰਾਂ ਦੀ ਘਟੀਆ ਕਾਰਗੁਜ਼ਾਰੀ ਦੇ ਚੱਲਦਿਆਂ ਵੱਡੀ ਮਾਤਰਾ ਵਿਚ ਅਨਾਜ ਮੰਡੀ ਜ਼ੀਰਾ ਦੇ ਫੜ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ | ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੇ ਕੋਲੋਂ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਕਣਕ ਗੱਡੀਆਂ ਵਿਚ ਲੋਡਿੰਗ ਕਰਕੇ ਚੱਕਿਆਂ ਤੇ ਅਨਲੋਡਿੰਗ ਕਰਵਾਉਣੀ ਪੈ ਰਹੀ ਹੈ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਕੇਵਲ 1200 ਪ੍ਰਤੀ ਗੱਡੀ ਕਿਰਾਇਆ ਮਿਲਣਾ ਹੈ ਜਦੋਂਕਿ ਉਹਨਾਂ ਦਾ ਕਣਕ ਦੀ ਢੋਆ-ਢੁਆਈ 'ਤੇ ਖਰਚਾ 4000 ਰੁਪਏ ਪ੍ਰਤੀ ਗੱਡੀ ਆ ਰਿਹਾ ਹੈ | ਉਹਨਾਂ ਇਹ ਵੀ ਦੱਸਿਆ ਕਿ ਫੜ ਦੇ ਵਿੱਚ ਪਈ ਕਣਕ ਦੀ ਰਾਖੀ ਵੀ ਉਹਨਾਂ ਨੂੰ ਖੁਦ ਕਰਨੀ ਪੈ ਰਹੀ ਹੈ ਤੇ ਉੱਪਰੋਂ ਖ਼ਰਾਬ ਮੌਸਮ ਦਾ ਵੀ ਡਰ ਬਣਿਆ ਹੋਇਆ ਹੈ | ਇਸ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਤੋਂ ਰਿਸ਼ਵਤਖ਼ੋਰੀ ਨੂੰ ਉਤਸ਼ਾਹਿਤ ਕਰਦੀ ਲੇਬਰ ਠੇਕੇਦਾਰੀ ਪ੍ਰਣਾਲੀ ਬੰਦ ਕਰਕੇ ਜਿਨਸ ਦੀ ਢੋਆ-ਢੁਆਈ ਦਾ ਕੰਮ ਸਿੱਧਾ ਆੜ੍ਹਤੀਆਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਉਪਰੋਕਤ ਕਿਸਮ ਦੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ | ਇਸ ਮੀਟਿੰਗ ਵਿਚ ਆੜ੍ਹਤੀ ਗੁਰਚਰਨ ਸਿੰਘ ਢਿੱਲੋਂ ਤੋਂ ਇਲਾਵਾ ਸਤਵੰਤ ਸਿੰਘ, ਕੇਹਰ ਸਿੰਘ ਸਰਾਂ, ਕਿਸਾਨ ਯੂਨੀਅਨ ਦੇ ਆਗੂ ਸਰਪ੍ਰਸਤ ਗੁਲਜ਼ਾਰ ਸਿੰਘ ਮੀਹਾਂ ਸਿੰਘ ਵਾਲਾ, ਲਖਵੀਰ ਸਿੰਘ,ਹਰਪ੍ਰੀਤ ਸਿੰਘ ਲੌਂਗੋਦੇਵਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਬਖਸ਼ੀਸ਼ ਸਿੰਘ, ਬੱਬੂ ਮਰਖਾਈ, ਸੁਖਬੀਰ ਸਿੰਘ ਮਰਖਾਈ, ਪਾਲਾ ਸਿੰਘ ਸਨੇਰ, ਮੋਹਨ ਸਿੰਘ ਨੰਬਰਦਾਰ ਫੇਰੋ ਕੇ, ਰੂਪ ਸਿੰਘ ਸ਼ਹਿਰੀ ਪ੍ਰਧਾਨ ਜ਼ੀਰਾ ਵਿੱਕੀ ਨਾਰੰਗ ਆਦਿ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਗੁਰੂਹਰਸਹਾਏ ਦੀ ਮੀਟਿੰਗ ਸਮਾਪਤ ਅਗਲੀ ਖ਼ਬਰ ਸਦਰ ਪੁਲਿਸ ਵਲੋਂ 50 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ, ਮੋਟਰਸਾਈਕਲ ਲਿਆ ਕਬਜ਼ੇ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।