ਅਟਾਰੀ ਸਰਹੱਦ (ਅੰਮ੍ਰਿਤਸਰ), 17 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭਾਰਤੀ ਖੇਤਰ ਅੰਦਰ ਸੁੱਟੇ ਛੇ ਕਰੀਬ ਆਧੁਨਿਕ ਕਿਸਮ ਦੇ ਪਿਸਟਲ ਤੇ 10 ਮੈਗਜ਼ੀਨ ਸਮੇਤ ਦੋ ਸਰਹੱਦੀ ਏਰੀਏ ਦੇ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਸੀ.ਆਈ.ਏ. ਅੰਮ੍ਰਿਤਸਰ ਨੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਥਾਣਾ ਘਰਿੰਡਾ ਦੇ ਸਰਹੱਦੀ ਇਲਾਕੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਸੁੱਟੇ ਛੇ ਆਧੁਨਿਕ ਕਿਸਮ ਦੇ ਪਿਸਟਲ ਅਤੇ ਦਸ ਮੈਗਜ਼ੀਨ ਸਮੇਤ ਦੋ ਸਥਾਨਕ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਿਸ ਸਬੰਧੀ ਪੁਲਿਸ ਥਾਣਾ ਘਰਿੰਡਾ ਵਿਖੇ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਨਾਗਰਿਕਾਂ ਪਾਸੋਂ ਪੁਲਿਸ ਵਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀ.ਆਈ.ਏ. ਸਟਾਫ਼ ਅੰਮ੍ਰਿਤਸਰ ਵਲੋਂ ਪਿਸਟਲਾਂ ਤੇ ਮੈਗਜ਼ੀਨਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਕੈਪਟਨਪ੍ਰੀਤ ਸਿੰਘ ਸੰਧੂ ਅਤੇ ਅਰਸ਼ਦੀਪ ਸਿੰਘ ਵਾਸੀ ਭਕਨਾ ਵਜੋਂ ਹੋਈ ਹੈ। ਜਿਨ੍ਹਾਂ ਪਾਸੋਂ ਇਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਤੇ ਸਰਹੱਦੀ ਇਲਾਕੇ ਵਿਚੋਂ ਹਥਿਆਰਾਂ ਦੀ ਖੇਪ ਚੁੱਕ ਕੇ ਅੱਗੇ ਦੇਣ ਜਾ ਰਹੇ ਅੰਮ੍ਰਿਤਸਰ ਅਟਾਰੀ ਰੋਡ ਤੇ ਸਥਿਤ ਪੈਲਸ ਰਾਜ ਅੱਗੇ ਤੋਂ ਲੱਗੇ ਨੱਕੇ ਦੌਰਾਨ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।