ਜ਼ੀਰਾ,31 ਮਾਰਚ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਨਜ਼ਦੀਕੀ ਪਿੰਡ ਬੋਤੀਆਂ ਵਾਲਾ ਦੇ ਇੱਕ ਨੌਜਵਾਨ ਦੇ ਵਿਦੇਸ਼ ਭੇਜਣ ਲਈ ਇਕ ਟਰੈਵਲ ਏਜੰਟ ਕੋਲ 16 ਸਾਲ ਪਹਿਲਾਂ ਫਸੇ ਪੈਸੇ ਸਮੇਤ ਵਿਆਜ 3 ਲੱਖ ਰੁਪਏ ਵਾਪਸ ਦਿਵਾਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬੋਤੀਆਂ ਵਾਲਾ (ਜ਼ੀਰਾ) ਨੇ ਵਿਦੇਸ਼ ਜਾਣ ਲਈ ਇੱਕ ਟਰੈਵਲ ਏਜੰਟ ਨੂੰ ਢਾਈ ਲੱਖ ਰੁਪਏ ਦਿੱਤੇ ਸਨ, ਪਰ ਇਸ ਤੋਂ ਬਾਅਦ ਟਰੈਵਲ ਏਜੰਟ ਨੇ ਨਾ ਤਾਂ ਜਸਵਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ | ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਨੂੰ ਲੈ ਕੇ ਕਈ ਕਿਸਾਨ ਯੂਨੀਅਨਾਂ ਤੱਕ ਪਹੁੰਚ ਕੀਤੀ, ਪਰ ਮਸਲਾ ਹੱਲ ਨਹੀਂ ਹੋਇਆ | ਉਸ ਨੇ ਅਖੀਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਯੂਨੀਅਨ ਦੇ ਸਾਥੀਆਂ ਨੂੰ ਨਾਲ ਲੈ ਕੇ ਟਰੈਵਲ ਏਜੰਟ ਤੱਕ ਪਹੁੰਚ ਕੀਤੀ ਅਤੇ ਮੈਨੂੰ ਵਿਆਜ ਸਮੇਤ 3 ਲੱਖ ਰੁਪਏ ਦਾ ਚੈੱਕ ਟਰੈਵਲ ਏਜੰਟ ਕੋਲੋਂ ਲੈ ਕੇ ਦਿੱਤਾ ਹੈ | ਪੈਸੇ ਵਾਪਸ ਦਿਵਾਉਣ ਤੇ ਜਸਵਿੰਦਰ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਚੈੱਕ ਭੇਟ ਕਰਨ ਵਾਲਿਆਂ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਤੋਂ ਇਲਾਵਾ ਸੁਖਦੇਵ ਸਿੰਘ ਸਨੇਰ ਬਲਾਕ ਪ੍ਰਧਾਨ ਜ਼ੀਰਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਹਰਜੀਤ ਸਿੰਘ ਸਰਪੰਚ ਬੋਤੀਆਂ ਵਾਲਾ, ਮਹਿੰਦਰ ਸਿੰਘ ਮੀਤ ਪ੍ਰਧਾਨ ਜ਼ੀਰਾ, ਭਗਵੰਤ ਸਿੰਘ ਮੀਤ ਪ੍ਰਧਾਨ ਇਕਾਈ ਬੋਤੀਆਂ ਵਾਲਾ, ਹਰਪ੍ਰੀਤ ਸਿੰਘ, ਮਨਦੀਪ ਸਿੰਘ ਅਲੀਪੁਰ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |