ਫਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)-ਵਿਵੇਕਾਨੰਦ ਜੂਨੀਅਰ ਸਕੂਲ ਵਿਚ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਸਕੂਲ ਕੰਪਲੈਕਸ ਵਿਚ ਧਾਰਮਿਕ ਰਸਮਾਂ ਅਨੁਸਾਰ ਹਵਨ ਅਤੇ ਮਾਂ ਸਰਸਵਤੀ ਦੀ ਸਥਾਪਨਾ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ | ਇਸ ਉਪਰਾਲੇ ਦਾ ਮਕਸਦ ਨਵੇਂ ਸੈਸ਼ਨ ਦੀ ਮੰਗਲਮਈ ਸ਼ੁਰੂਆਤ ਕਰਨਾ ਅਤੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਅਸੀਸ ਪ੍ਰਾਪਤ ਕਰਨਾ ਸੀ | ਇਸ ਮੌਕੇ ਵਿਵੇਕਾਨੰਦ ਵਰਲਡ ਸਕੂਲ ਦੀ ਮੁੱਖ ਸਰਪ੍ਰਸਤ ਪ੍ਰਭਾ ਭਾਸਕਰ ਮੁੱਖ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਦੇ ਨਾਲ ਸਕੱਤਰ ਡੌਲੀ ਭਾਸਕਰ ਅਤੇ ਆਸ਼ੀਰ ਭਾਸਕਰ ਵੀ ਸਮਾਰੋਹ ਵਿਚ ਸ਼ਾਮਲ ਹੋਏ | ਸਾਰੇ ਮਹਿਮਾਨਾਂ ਨੇ ਸਕੂਲ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨਾਲ ਮਿਲ ਕੇ ਸ਼ਰਧਾ ਭਾਵਨਾ ਨਾਲ ਹਵਨ ਵਿਚ ਆਹੁਤੀਆਂ ਪਾਈਆਂ ਅਤੇ ਸਕੂਲ ਦੀ ਤਰੱਕੀ, ਵਿਦਿਆਰਥੀਆਂ ਦੀ ਸਫਲਤਾ ਅਤੇ ਚੰਗੇ ਸਿੱਖਿਆ ਮਾਹੌਲ ਲਈ ਅਰਦਾਸ ਕੀਤੀ | ਪ੍ਰੋਗਰਾਮ ਦੌਰਾਨ ਮਾਂ ਸਰਸਵਤੀ ਦੀ ਵਿਧੀ-ਵਿਧਾਨ ਨਾਲ ਸਥਾਪਨਾ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਗਿਆਨ, ਬੁੱਧੀ ਅਤੇ ਸਦਗੁਣਾਂ ਦਾ ਅਸੀਸ ਪ੍ਰਾਪਤ ਹੋ ਸਕੇ | ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵਲੋਂ ਇਹ ਸੰਕਲਪ ਵੀ ਲਿਆ ਗਿਆ ਕਿ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ | ਅਧਿਆਪਕਾਂ ਨੇ ਵਿਦਿਆਰਥੀਆਂ ਲਈ ਸੁਖਦ ਅਤੇ ਪ੍ਰੇਰਣਾਦਾਇਕ ਅਕਾਦਮਿਕ ਮਾਹੌਲ ਤਿਆਰ ਕਰਨ ਦਾ ਭਰੋਸਾ ਦਿੱਤਾ | ਸਮਾਰੋਹ ਦੇ ਅੰਤ ਵਿਚ ਪ੍ਰਸ਼ਾਦ ਵੰਡਿਆ ਗਿਆ ਅਤੇ ਸਾਰੇ ਮਹਿਮਾਨਾਂ ਦਾ ਸਕੂਲ ਪ੍ਰਬੰਧਨ ਵਲੋਂ ਧੰਨਵਾਦ ਕੀਤਾ ਗਿਆ | ਇਸ ਤਰ੍ਹਾਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਹ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ |