ਫ਼ਿਰੋਜਪੁਰ, 31 ਮਾਰਚ (ਕੁਲਬੀਰ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚਾ ਫ਼ਿਰੋਜ਼ਪੁਰ ਦੀ ਮੀਟਿੰਗ ਗੁਰਮੀਤ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਭਾਕਿਯੂ ਕਾਦੀਆਂ, ਭਾਕਿਯੂ ਰਾਜੇਵਾਲ, ਭਾਕਿਯੂ ਉਗਰਾਹਾਂ, ਭਾਕਿਯੂ ਧਨੇਰ, ਭਾਕਿਯੂ ਬੁਰਜ ਗਿੱਲ, ਭਾਕਿਯੂ ਪੰਜਾਬ, ਕੁਲ ਹਿੰਦ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ 'ਤੇ ਲੀਕ ਫੇਰੀ ਜਾਵੇਗੀ, ਪਰ ਪੰਜਾਬ ਸਰਕਾਰ ਨੇ ਕਰਜ਼ੇ 'ਤੇ ਲੀਕ ਨਹੀਂ ਫੇਰੀ ਅਤੇ ਦੋ ਸਰਕਾਰੀ ਬੈਂਕਾਂ ਪੰਜਾਬ ਲੈਂਡ ਮਾਰਗ ਬੈਂਕ ਅਤੇ ਕੋਆਪੇ੍ਰਟਿਵ ਸੁਸਾਇਟੀਆਂ ਵਲੋਂ ਕਿਸਾਨਾਂ ਦੀਆਂ ਕੁਰਕੀਆਂ ਕੀਤੀਆਂ ਜਾ ਰਹੀਆਂ ਹਨ | ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ, ਜੋ ਨਿੰਦਣਯੋਗ ਹੈ | ਆਗੂਆਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇਗਾ ਅਤੇ ਮੋਟਰਾਂ ਤੋਂ ਨਿਰਭਰਤਾ ਘਟਾਈ ਜਾਵੇਗੀ ਪਰ ਸਰਕਾਰ ਵਲੋਂ ਹਾਲੇ ਤੱਕ ਡੀਂਗਾਂ ਹੀ ਮਾਰੀਆਂ ਜਾ ਰਹੀਆਂ ਹਨ ਤੇ ਕਿਸਾਨਾਂ ਨੂੰ ਪਾਣੀ ਪੁੱਜਦਾ ਨਹੀਂ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਪਾਣੀ 'ਚ ਯੂਰੇਨੀਅਮ ਹੋਣ ਕਾਰਨ ਹਰ ਘਰ ਦੇ ਵਿਚ ਕੈਂਸਰ ਦੇ ਮਰੀਜ਼ ਹਨ, ਸੋ ਪੰਜਾਬ ਸਰਕਾਰ ਪਾਣੀ ਦੇ ਮਸਲੇ ਨੂੰ ਹੱਲ ਕਰਨ ਵਿਚ ਤੇ ਕਰਜ਼ੇ ਦੇ ਮਸਲੇ ਨੂੰ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ , ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਦੇ ਵਿਚ ਖਸਖਸ ਦੀ ਖੇਤੀ ਨੂੰ ਖੁੱਲ੍ਹ ਦਿੱਤੀ ਜਾਵੇ ਤਾਂ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਈ ਜਾ ਸਕੇ | ਆਗੂਆਂ ਨੇ ਜਾਣਕਾਰੀ ਦਿੱਤੀ ਕਿ 6 ਅਪ੍ਰੈਲ ਨੂੰ ਐੱਸ.ਕੇ.ਐੱਮ ਦੇ ਸੱਦੇ 'ਤੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਤੇ ਧਰਨੇ ਦੇ ਕੇ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਇਨ੍ਹਾਂ ਨੂੰ ਪੂਰਾ ਕੀਤਾ ਜਾਵੇ | ਮੀਟਿੰਗ ਵਿਚ ਦਿਲਬਾਗ ਸਿੰਘ, ਸੋਹਰ ਸਿੰਘ, ਗੁਰਸੇਵਕ ਸਿੰਘ, ਕੇਵਲ ਸਿੰਘ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਮੁੱਖਮਾਲਾ, ਰਸ਼ਪਾਲ ਸਿੰਘ, ਕਸ਼ਮੀਰ ਸਿੰਘ, ਗੁਰਦਿੱਤ ਸਿੰਘ, ਗੁਰਵਿੰਦਰ ਸਿੰਘ ਖਾਰਾ, ਜੋਗਾ ਸਿੰਘ, ਗੁਰਵਿੰਦਰ ਸਿੰਘ, ਮਹਿੰਦਰ ਸਿੰਘ ਵਧੋਣ, ਸੁਖਦੇਵ ਸਿੰਘ ਰਈਆ ਵਾਲਾ, ਮਹਿੰਦਰ ਸਿੰਘ ਫ਼ਿਰੋਜ਼ਸ਼ਾਹ, ਅਵਤਾਰ ਸਿੰਘ ਸ਼ੇਰ ਖਾਂ, ਸੂਰਜ ਪ੍ਰਕਾਸ਼ ਬਾਜੇ ਕੇ, ਜੱਗਾ ਸਿੰਘ ਨੰਗਲ, ਪ੍ਰਦੀਪ ਗਰੋਵਰ, ਕੁਲਦੀਪ ਸਿੰਘ ਸਰਪੰਚ, ਗੁਰਦਿਆਲ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਜੀਤ ਸਿੰਘ, ਸ਼ਿੰਦਰ ਸਿੰਘ, ਹਰਦਾਸਾ ਆਗੂ ਮੀਟਿੰਗ ਵਿਚ ਸ਼ਾਮਲ ਸਨ |