ਮੰਡੀ ਘੁੁਬਾਇਆ, 31 ਮਾਰਚ (ਅਮਨ ਬਵੇਜਾ)-ਅੱਜ ਬਾਅਦ ਦੁਪਹਿਰ ਅਸਮਾਨ 'ਤੇ ਅਚਾਨਕ ਛਾਈਆਂ ਕਾਲੀਆਂ ਘਟਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਆਸਮਾਨ 'ਚ ਛਾਏ ਕਾਲੇ ਬੱਦਲ ਅਤੇ ਤੇਜ਼ ਹਵਾਵਾਂ ਦੇ ਕਾਰਨ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ 'ਤੇ ਖ਼ਤਰਾ ਮੰਡਰਾਉਣ ਲੱਗ ਪਿਆ ਹੈ | ਕਟਾਈ ਦੇ ਨੇੜੇ ਪਹੁੰਚ ਚੁੱਕੀ ਫ਼ਸਲ ਲਈ ਇਹ ਮੌਸਮ ਕਿਸਾਨਾਂ ਦੇ ਸਾਹ ਸੂਤ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਸ ਸਮੇਂ ਮੀਂਹ ਪੈ ਜਾਂਦਾ ਹੈ ਤਾਂ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ | ਪੱਕਣ ਵਾਲੀ ਫ਼ਸਲ 'ਤੇ ਪੈਣ ਵਾਲਾ ਮੀਂਹ ਦਾਣੇ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਫ਼ਸਲ ਡਿੱਗਣ ਨਾਲ ਕਟਾਈ ਵਿਚ ਵੀ ਮੁਸ਼ਕਿਲ ਆ ਸਕਦੀ ਹੈ | ਕਈ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਮੌਸਮ 'ਤੇ ਨਜ਼ਰ ਰੱਖ ਰਹੇ ਹਨ ਅਤੇ ਹਰ ਵਕਤ ਚਿੰਤਤ ਰਹਿੰਦੇ ਹਨ | ਇਲਾਕੇ ਦੇ ਖੇਤਾਂ ਵਿਚ ਖੜ੍ਹੀ ਸੁਨਹਿਰੀ ਕਣਕ ਹੁਣ ਤਿਆਰ ਹੈ ਅਤੇ ਕਿਸਾਨ ਕਟਾਈ ਲਈ ਤਿਆਰੀਆਂ ਕਰ ਰਹੇ ਸਨ | ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੌਸਮ ਸਾਫ਼ ਰਿਹਾ ਤਾਂ ਉਹ ਜਲਦੀ ਕਟਾਈ ਸ਼ੁਰੂ ਕਰ ਦੇਣਗੇ ਪਰ ਮੀਂਹ ਪੈਣ ਦੀ ਸੂਰਤ ਵਿਚ ਉਨ੍ਹਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਦੂਜੇ ਪਾਸੇ ਕੁੱਝ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲਣ ਨਾਲ ਫ਼ਸਲ ਦੇ ਡਿੱਗਣ ਦੀਆਂ ਤਸਵੀਰਾਂ ਵੀ ਪਿਛਲੇ ਦਿਨੀਂ ਸਾਹਮਣੇ ਆਈਆਂ ਹਨ |