ਫ਼ਿਰੋਜ਼ਪੁਰ/ਮਮਦੋਟ, 31 ਮਾਰਚ (ਗੁਰਿੰਦਰ ਸਿੰਘ, ਰਾਜਿੰਦਰ ਸਿੰਘ ਹਾਂਡਾ)-ਇਲਾਕੇ ਵਿਚ ਬੰਦੇ ਖਾਣੀ ਸੜਕ ਵਜੋਂ ਜਾਣੀ ਜਾਂਦੀ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਜਣੇ ਗੰਭੀਰ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਐਸ.ਐਸ.ਪੀ.ਦਫਤਰ ਫ਼ਿਰੋਜ਼ਪੁਰ ਦੇ ਸਾਹਮਣੇ ਚੱਲ ਰਹੇ ਧਰਨੇ ਵਿਚ ਸ਼ਾਮਿਲ ਹੋ ਕੇ ਤਿੰਨ ਨੌਜਵਾਨ ਰਾਤ 11 ਵਜੇ ਦੇ ਕਰੀਬ ਕਾਰ ਰਾਹੀ ਵਾਪਸ ਮਮਦੋਟ ਨਜ਼ਦੀਕੀ ਪਿੰਡ ਝੋਕ ਨੋਧ ਸਿੰਘ ਅਤੇ ਮੁਹੰਮਦ ਖਾਂ ਨਿਆਜ਼ੀਆਂ ਨੂੰ ਆ ਰਹੇ ਸਨ | ਜਦੋਂ ਉਹ ਮਮਦੋਟ-ਖਾਈ ਟੀ ਪੁਆਇੰਟ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਦਿੱਤੇ ਜਾਣ ਕਾਰਨ ਉਹਨਾਂ ਦੀ ਕਾਰ ਸੰਤੁਲਨ ਗੁਆ ਕੇ ਪਲਟੀਆਂ ਖਾਂਦੀ ਹੋਈ ਸੜਕ 'ਤੋਂ ਹੇਠਾਂ ਖੇਤਾਂ ਵਿਚ ਜਾ ਡਿੱਗੀ | ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ ਦਾ ਪਤਾ ਚੱਲਣ ਤੋਂ ਬਾਅਦ ਰਾਹਗੀਰਾਂ ਅਤੇ ਨਜ਼ਦੀਕੀ ਘਰਾਂ ਦੇ ਵਸਨੀਕਾਂ ਵਲੋਂ ਬੜੀ ਮਸ਼ੱਕਤ ਨਾਲ ਤਿੰਨਾਂ ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਵਿਚੋਂ ਪਾਹੁਲਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ 25 ਸਾਲ ਵਾਸੀ ਝੋਕ ਨੋਧ ਸਿੰਘ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ,ਦੀ ਮੌਤ ਹੋ ਗਈ ਜਦਕਿ ਰਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਝੋਕ ਨੋਧ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੁਹੰਮਦ ਖਾਂ ਨਿਆਜ਼ੀ ਗੰਭੀਰ ਜ਼ਖਮੀ ਹੋ ਗਏ | ਹਾਦਸੇ ਦਾ ਪਤਾ ਲੱਗਣ 'ਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਹੋਈ ਸੀ | ਜਿਨ੍ਹਾਂ ਵਲੋਂ ਕਾਰਵਾਈ ਜਾਰੀ ਸੀ | ਇਲਾਕੇ ਦੇ ਲੋਕਾਂ ਨੇ ਇਸ ਹਾਦਸੇ ਨੂੰ ਵੀ ਸੜਕ ਦਾ ਆਕਾਰ ਘੱਟ ਦੱਸਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਇਸ ਸੜਕ ਨੂੰ ਤੁਰੰਤ ਚੌੜਾ ਕਰਕੇ ਚਹੁੰਮਾਰਗੀ ਬਣਾਉਣ ਦੀ ਮੰਗ ਕੀਤੀ