ਫ਼ਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)-ਜਿੱਥੇ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ ਉੱਥੇ ਇਸ ਤੋਂ ਠੀਕ ਇਕ ਦਿਨ ਪਹਿਲਾਂ ਹੋਈ ਬਰਸਾਤ, ਤੇਜ਼ ਹਵਾਵਾਂ ਅਤੇ ਗੜੇ੍ਹਮਾਰੀ ਨੇ ਕਿਸਾਨਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ | ਮੰਗਲਵਾਰ ਦੁਪਹਿਰ ਬਾਅਦ ਅਚਾਨਕ ਮੌਸਮ ਵਿਚ ਆਏ ਬਦਲਾਅ ਨਾਲ ਤੇਜ਼ ਹਵਾਵਾਂ ਅਤੇ ਗੜਿਆਂ ਨੇ ਖੇਤਾਂ ਵਿਚ ਖੜ੍ਹੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ | ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਬੰੂਦਾ-ਬਾਂਦੀ ਹੋ ਰਹੀ ਸੀ ਜਿਸ ਨਾਲ ਕਿਸਾਨ ਪਹਿਲਾਂ ਹੀ ਚਿੰਤਤ ਸਨ ਪਰ ਅੱਜ ਹੋਈ ਅਚਾਨਕ ਤੇ ਤੀਬਰ ਗੜੇਮਾਰੀ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ | ਖੇਤਾਂ ਵਿਚ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫਸਲ, ਜੋ ਕਿ ਕਟਾਈ ਲਈ ਤਿਆਰ ਸੀ, ਜ਼ਮੀਨ 'ਤੇ ਡਿਗ ਗਈ ਅਤੇ ਕਈ ਥਾਵਾਂ 'ਤੇ ਪੂਰੀ ਤਰ੍ਹਾਂ ਨਸ਼ਟ ਹੋ ਗਈ | ਨਜ਼ਦੀਕੀ ਪਿੰਡ ਖਾਈ ਫੇਮੇ ਕੀ, ਪੀਰੂ ਵਾਲਾ, ਰੋਡਾ, ਟਿੱਬੀ, ਖਲਚੀਆਂ ਆਦਿ ਦੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਫਸਲ ਆਪਣੇ ਅਖੀਰਲੇ ਪੜਾਅ 'ਚ ਸੀ ਅਤੇ ਕੁਝ ਹੀ ਦਿਨਾਂ ਵਿਚ ਮੰਡੀਆਂ 'ਚ ਪਹੁੰਚਣੀ ਸੀ | ਪਰ ਮੌਸਮ ਦੇ ਇਸ ਅਚਾਨਕ ਪ੍ਰਕੋਪ ਨੇ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ | ਇਸ ਤੋਂ ਇਲਾਵਾ ਹਰੇ ਚਾਰੇ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਨਾਲ ਪਸ਼ੂ ਪਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਗੜੇਮਾਰੀ ਦਾ ਅਸਰ ਸਿਰਫ਼ ਖੇਤਾਂ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਦਰਖ਼ਤਾਂ 'ਤੇ ਬਣੇ ਪੰਛੀਆਂ ਦੇ ਆਲ੍ਹਣੇ ਵੀ ਤਹਿਸ-ਨਹਿਸ ਹੋ ਗਏ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਹਾਇਤਾ ਨਾ ਮਿਲੀ ਤਾਂ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਡਾਵਾਂਡੋਲ ਹੋ ਸਕਦੀ ਹੈ | ਉੱਧਰ ਮੌਸਮ ਵਿਭਾਗ ਵਲੋਂ ਵੀ ਆਉਣ ਵਾਲੇ ਦਿਨਾਂ ਵਿਚ ਮੌਸਮ ਵਿਚ ਹੋਰ ਤਬਦੀਲੀਆਂ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ | ਇਸ ਅਚਾਨਕ ਆਫ਼ਤ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਅਜੇ ਵੀ ਕੁਦਰਤੀ ਮਾਰਾਂ ਦੇ ਸਾਹਮਣੇ ਬੇਬਸ ਹੈ |