ਮੱਲਾਂਵਾਲਾ, 20 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਨਗਰ ਪੰਚਾਇਤ ਮੱਲਾਂਵਾਲਾ ਖ਼ਾਸ ਦੇ 213 ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 2 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਸਰਟੀਫਿਕੇਟ ਵੰਡੇ ਗਏ | ਇਹ ਸਮਾਗਮ ਨਗਰ ਪੰਚਾਇਤ ਦਫ਼ਤਰ ਵਿਖੇ ਆਯੋਜਿਤ ਕੀਤਾ, ਜਿਸ 'ਚ ਵੱਡੀ ਗਿਣਤੀ 'ਚ ਲਾਭਪਾਤਰੀ, ਲੋਕ ਪ੍ਰਤੀਨਿਧੀ ਤੇ ਅਧਿਕਾਰੀ ਹਾਜ਼ਰ ਰਹੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਫ਼ਰਜ਼ੰਦ ਹਲਕਾ ਯੂਥ ਆਗੂ ਸ਼ੰਕਰ ਕਟਾਰੀਆ ਸ਼ਾਮਿਲ ਹੋਏ, ਜਿਨ੍ਹਾਂ ਯੋਗ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ ਗਏ | ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮੁੱਖ ਉਦੇਸ਼ ਹਰ ਗ਼ਰੀਬ ਪਰਿਵਾਰ ਨੂੰ ਪੱਕੀ ਛੱਤ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਨਗਰ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਯੋਜਨਾ ਜ਼ਮੀਨੀ ਪੱਧਰ 'ਤੇ ਸਫਲਤਾਪੂਰਵਕ ਲਾਗੂ ਕੀਤੀ ਜਾ ਰਹੀ ਹੈ | ਨਗਰ ਪੰਚਾਇਤ ਮੱਲਾਂਵਾਲਾ ਖ਼ਾਸ ਦੇ ਪ੍ਰਧਾਨ ਮਹਾਬੀਰ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ, ਆਮ ਆਦਮੀ ਪਾਰਟੀ, ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਨਰੇਸ਼ ਕਟਾਰੀਆ ਤੇ ਯੂਥ ਆਗੂ ਸ਼ੰਕਰ ਕਟਾਰੀਆ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਵਿੱਤੀ ਮਦਦ ਨਾਲ ਕਈ ਲੋੜਵੰਦ ਪਰਿਵਾਰਾਂ ਦਾ ਘਰ ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ ਤੇ ਉਨ੍ਹਾਂ ਨੂੰ ਸੁਰੱਖਿਅਤ ਰਹਾਇਸ਼ ਮਿਲੇਗੀ | ਸਮਾਗਮ 'ਚ ਨਗਰ ਪੰਚਾਇਤ ਦੇ ਅਧਿਕਾਰੀ ਤੇ ਮੁਲਾਜ਼ਮ ਵਰਗ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਈ. ਓ. ਨਰਿੰਦਰ ਕੁਮਾਰ, ਲੇਖਾਕਾਰ ਬਲਜੀਤ ਕੌਰ, ਕਲਰਕ ਕੁਲਜੀਤ ਸਿੰਘ, ਹਰਜੀਤ ਸਿੰਘ, ਗੁਰਜੀਤ ਸਿੰਘ ਬੱਗਾ ਅਟਵਾਲ ਆਦਿ ਸ਼ਾਮਿਲ ਸਨ | ਇਸ ਤੋਂ ਇਲਾਵਾ ਹਰੇਕ ਵਾਰਡ ਤੋਂ ਨਗਰ ਪੰਚਾਇਤ ਪ੍ਰਧਾਨ ਬੀਬੀ ਕਰਮਜੀਤ ਕੌਰ, ਉਨ੍ਹਾਂ ਦੇ ਫ਼ਰਜ਼ੰਦ ਮਹਾਂਬੀਰ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਰੀਤੂ ਕੱਕੜ (ਪਤਨੀ ਰਕੇਸ਼ ਕੁਮਾਰ ਹੀਰਾ ਕੱਕੜ), ਵਾਈਸ ਪ੍ਰਧਾਨ ਧਰਮ ਸਿੰਘ ਤੇ ਐਮ. ਸੀ. ਸਾਹਿਬਾਨ ਬੂਟਾ ਸਿੰਘ, ਚਰਨਜੀਤ ਕੌਰ, ਕੁਲਭੂਸ਼ਨ ਲਾਲ ਧਵਨ, ਦਲਜੀਤ ਕੌਰ, ਗੁਰਦੇਵ ਸਿੰਘ, ਕਿਰਨਦੀਪ ਕੌਰ, ਜਸਵੰਤ ਸਿੰਘ ਧੰਜੂ, ਗੁਰਮਾਲਕ ਸਿੰਘ ਲੰਡਾ ਆਦਿ ਵੀ ਹਾਜ਼ਰ ਰਹੇ | ਸਮਾਗਮ ਦੌਰਾਨ ਲਾਭਪਾਤਰੀ ਪਰਿਵਾਰਾਂ 'ਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਸਰਕਾਰ ਦੀ ਇਸ ਯੋਜਨਾ ਨੂੰ ਗ਼ਰੀਬਾਂ ਲਈ ਵੱਡਾ ਸਹਾਰਾ ਕਰਾਰ ਦਿੱਤਾ |