ਜਲਾਲਾਬਾਦ, 20 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਲੱਧੂਵਾਲਾ ਉਤਾੜ ਬੱਸ ਅੱਡੇ ਦੋ ਕੋਲ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹੋਈ ਲੜਾਈ ਦੇ ਸੰਬੰਧ 'ਚ ਥਾਣਾ ਵੈਰੋਕੇ ਦੀ ਪੁਲਿਸ ਵਲੋਂ 6 ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਰਤਾ ਕਰਮਵੀਰ ਸਿੰਘ ਉਰਫ਼ ਗੱੁਲੂ ਗੋਰਾਇਆ ਪੁੱਤਰ ਬਲਵਿੰਦਰ ਸਿੰਘ ਵਾਸੀ ਜੋਧਾ ਭੈਣੀ ਉਰਫ਼ ਫੱਤੂਵਾਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮਿਤੀ 16 ਜਨਵਰੀ 2026 ਨੂੰ ਉਹ ਆਪਣੇ ਖੇਤ ਵਿਚ ਗੇੜਾ ਮਾਰਨ ਲਈ ਗਿਆ ਸੀ ਤਾਂ ਉਸ ਦੇ ਖੇਤ ਵਿਚ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਲਖਵੀਰ ਸਿੰਘ ਵਗ਼ੈਰਾ ਵੱਟ ਪਾ ਰਹੇ ਸੀ ਅਤੇ ਉਸ ਦੀ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ | ਜਦੋਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ | ਇਸ ਸੰਬੰਧੀ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੁੱਦਈ ਕਰਮਵੀਰ ਸਿੰਘ ਉਰਫ਼ ਗੁੱਲੂ ਗੋਰਾਇਆ ਦੇ ਬਿਆਨਾਂ ਦੇ ਆਧਾਰ 'ਤੇ ਲਖਵੀਰ ਸਿੰਘ ਗਿੱਲ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾਂ ਜ਼ਿਲ੍ਹਾ ਮੋਗਾ ਹਾਲ ਆਬਾਦ ਮਿੰਡਵੇ ਕਾਲੋਨੀ ਸ੍ਰੀ ਮੁਕਤਸਰ ਸਾਹਿਬ, ਲਖਵੀਰ ਸਿੰਘ ਦਾ ਭਤੀਜਾ ਵਾਸੀ ਨੁਰਪੂਰ ਹਕੀਮਾਂ, ਗੋਪਾਲ ਸਿੰਘ ਉਰਫ਼ ਗੋਪੀ ਪੁੱਤਰ ਗੁਰਚਰਨ ਸਿੰਘ, ਸੰਮੀ ਪੁੱਤਰ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ, ਨਿਰਮਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀਆਨ ਖੜੁੰਜ ਦੇ ਖ਼ਿਲਾਫ਼ ਮੁਕੱਦਮਾ ਨੰਬਰ 10 ਥਾਣਾ ਵੈਰੋਕੇ ਵਿਖੇ ਦਰਜ ਕੀਤਾ ਗਿਆ ਹੈ |