25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਫ਼ਿਰੋਜ਼ਪੁਰ ਸ਼ਹਿਰੀ ਹਲਕੇ 'ਚ ਅਕਾਲੀ ਦਲ ਦੀ ਸਿਆਸੀ ਪਕੜ ਕਮਜ਼ੋਰ

ਅਜੀਤ ਡੈਸਕ 21-01-2026
ਫ਼ਿਰੋਜ਼ਪੁਰ, 20 ਜਨਵਰੀ (ਗੁਰਿੰਦਰ ਸਿੰਘ)-ਹੁਣ ਜਦੋਂ ਕਿ ਫ਼ਿਰੋਜ਼ਪੁਰ ਨਗਰ ਕੌਂਸਲ ਦੀਆਂ ਚੋਣਾਂ ਐਨ ਸਿਰ 'ਤੇ ਹਨ ਅਤੇ ਇਸੇ ਵਰ੍ਹੇ ਦੇ ਆਖ਼ਰ ਤੱਕ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਬਣ ਰਹੀ ਹੈ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਅੰਦਰੂਨੀ ਅਸੰਤੁਸ਼ਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਲਕੇ ਦੇ ਵਰਕਰਾਂ ਵਿਚ ਸਭ ਤੋਂ ਵੱਡੀ ਨਾਰਾਜ਼ਗੀ ਹਲਕਾ ਇੰਚਾਰਜ ਦੀ ਲਗਾਤਾਰ ਗੈਰ ਮੌਜੂਦਗੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪਾਰਟੀ ਦੀਆਂ ਜੜ੍ਹਾਂ ਕਮਜ਼ੋਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਨਿਯੁਕਤ ਇੰਚਾਰਜ ਰੋਹਿਤ ਕੁਮਾਰ ਮੋਂਟੂ ਵੋਹਰਾ ਪਿਛਲੇ ਕਾਫ਼ੀ ਸਮੇਂ ਤੋਂ ਹਲਕੇ ਦੇ ਵਰਕਰਾਂ ਤੇ ਆਮ ਲੋਕਾਂ ਨਾਲ ਸੰਪਰਕ ਤੋਂ ਦੂਰ ਦਿਖਾਈ ਦੇ ਰਹੇ ਹਨ | ਪਾਰਟੀ ਨਾਲ ਜੁੜੇ ਵਰਕਰਾਂ ਦਾ ਕਹਿਣਾ ਹੈ ਕਿ ਨਾ ਤਾਂ ਕੋਈ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਚੋਣਾਵੀ ਤਿਆਰੀਆਂ ਨੂੰ ਲੈ ਕੇ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ, ਜਿਸ ਨਾਲ ਹਲਕੇ ਵਿਚ ਮਾਯੂਸੀ ਦਾ ਮਾਹੌਲ ਬਣਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਹਾਰਨ ਤੋਂ ਬਾਅਦ ਰੋਹਿਤ ਕੁਮਾਰ ਵੋਹਰਾ ਵਲੋਂ ਹੌਲੀ-ਹੌਲੀ ਹਲਕੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ | ਗੁਰੂਹਰਸਹਾਏ ਹਲਕੇ ਨਾਲ ਸੰਬੰਧਿਤ ਹੋਣ ਕਾਰਨ ਸਮੇਂ ਦੇ ਨਾਲ ਉਨ੍ਹਾਂ ਦਾ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਮੋਹ ਭੰਗ ਹੁੰਦਾ ਗਿਆ, ਜਿਸ ਦਾ ਸਿੱਧਾ ਅਸਰ ਪਾਰਟੀ ਦੀਆਂ ਸਰਗਰਮੀ 'ਤੇ ਪਿਆ | ਦੂਜੇ ਪਾਸੇ, ਨਵੰਬਰ 2025 ਵਿਚ ਤਰਨਤਾਰਨ ਜ਼ਿਮਨੀ ਚੋਣ ਮੌਕੇ ਫ਼ਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹੇ ਭਾਜਪਾ ਦੇ ਸੁਖਪਾਲ ਸਿੰਘ ਨੰਨੂ ਵਲੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਨ ਉਪਰੰਤ ਹਲਕੇ ਵਿਚ ਕੁਝ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਹਨ | ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵਲੋਂ ਨੰਨੂ ਨੂੰ ਪਾਰਟੀ ਵਲੋਂ ਹਾਲ ਦੀ ਘੜੀ ਕੋਈ ਅਧਿਕਾਰਤ ਅਹੁਦਾ ਨਹੀਂ ਦਿੱਤਾ ਗਿਆ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੰਨੂ ਵਲੋਂ ਦਿਲ ਜਾਨ ਨਾਲ ਕੀਤੀ ਪਹੁੰਚ ਉਪਰੰਤ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਦਿੱਤੇ ਥਾਪੜੇ ਨਾਲ ਨੰਨੂ ਹਲਕੇ 'ਚ ਸਰਗਰਮ ਦਿਖਾਈ ਦੇ ਰਹੇ ਹਨ | ਜਦਕਿ ਪਾਰਟੀ ਵਲੋਂ ਨਿਯੁਕਤ ਹਲਕਾ ਇੰਚਾਰਜ ਦਾ ਪਾਸਾ ਵੱਟ ਕੇ ਰਹਿਣਾ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ |
ਪਿਛਲੀ ਖ਼ਬਰ ਓਵਰ-ਸਪੀਡਿੰਗ ਤੇ ਲਾਪ੍ਰਵਾਹ ਡਰਾਈਵਿੰਗ ਸਾਡੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੀ ਹੈ-ਦੀਪਕ ਸ਼ਰਮਾ ਅਗਲੀ ਖ਼ਬਰ ਫ਼ਿਰੋਜ਼ਪੁਰ 'ਚ ਪਤੰਗਾਂ ਤੇ ਡੋਰ ਦੀ ਖੁੱਲ੍ਹੀ ਲੁੱਟ, ਨਾ ਕੋਈ ਐਮ. ਆਰ. ਪੀ. ਨਾ ਹੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।