ਫ਼ਿਰੋਜ਼ਪੁਰ, 20 ਜਨਵਰੀ (ਰਾਕੇਸ਼ ਚਾਵਲਾ)-ਦੇਸ਼ 'ਚ ਸੜਕ ਹਾਦਸਿਆਂ ਕਾਰਨ ਹੋ ਰਹੀਆਂ ਲਗਾਤਾਰ ਮੌਤਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦੀਪਕ ਸ਼ਰਮਾ ਸੰਸਥਾਪਕ ਮਯੰਕ ਫਾਊਾਡੇਸ਼ਨ ਅਤੇ ਮੈਂਬਰ, ਪੰਜਾਬ ਰਾਜ ਰੋਡ ਸੇਫ਼ਟੀ ਐਡਵਾਈਜ਼ਰੀ ਕਮੇਟੀ ਨੇ ਕਿਹਾ ਕਿ ਓਵਰ-ਸਪੀਡਿੰਗ ਤੇ ਲਾਪ੍ਰਵਾਹ ਵਾਹਨ ਚਲਾਉਣਾ ਅੱਜ ਭਾਰਤ 'ਚ ਨੌਜਵਾਨਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਚੁੱਕਾ ਹੈ | ਦੀਪਕ ਸ਼ਰਮਾ ਨੇ ਇਹ ਵਿਚਾਰ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਮੌਕੇ 'ਤੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੇ ਸਾਲਾਂ 'ਚ ਇਹ ਸਥਿਤੀ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ | ਅੰਕੜਿਆਂ ਅਨੁਸਾਰ ਭਾਰਤ ਵਿਚ ਹਰ ਸਾਲ 4.6 ਲੱਖ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ 'ਚ 1.7 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਬੈਠਦੇ ਹਨ | ਇਨ੍ਹਾਂ ਵਿਚੋਂ ਲਗਪਗ 70 ਫ਼ੀਸਦੀ ਮੌਤਾਂ ਦਾ ਮੁੱਖ ਕਾਰਨ ਓਵਰ-ਸਪੀਡਿੰਗ ਹੈ | ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਹਾਦਸਿਆਂ ਵਿਚ 18 ਤੋਂ 35 ਸਾਲ ਦੀ ਉਮਰ ਵਰਗ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ ਨਾ ਕਰਨ ਕਾਰਨ ਹਰ ਸਾਲ ਹਜ਼ਾਰਾਂ ਕੀਮਤੀ ਜਾਨਾਂ ਜਾ ਰਹੀਆਂ ਹਨ | ਦੀਪਕ ਸ਼ਰਮਾ ਨੇ ਕਿਹਾ ਤੇਜ਼ ਰਫ਼ਤਾਰ ਕੁੱਝ ਪਲਾਂ ਦਾ ਰੋਮਾਂਚ ਤਾਂ ਦਿੰਦੀ ਹੈ, ਪਰ ਅਕਸਰ ਜ਼ਿੰਦਗੀ ਖੋਹ ਲੈਂਦੀ ਹੈ | ਡਰਾਈਵ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ, ਹੈਲਮਟ ਤੇ ਸੀਟ ਬੈਲਟ ਨਾ ਪਹਿਨਣਾ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਖ਼ਤਮ ਕਰ ਰਹੀ ਹੈ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਸੜਕ ਹਾਦਸੇ ਅਕਸਮਾਤ ਨਹੀਂ ਹੁੰਦੇ, ਇਹ ਰੋਕੀਆਂ ਜਾ ਸਕਣ ਵਾਲੀਆਂ ਤ੍ਰਾਸਦੀਆਂ ਹਨ | ਰਣਨੀਤੀ ਦੀਪਕ ਸ਼ਰਮਾ ਨੇ ਕਿਹਾ ਕਿ ਸਥਿਰ ਵਿਕਾਸ ਲਕਸ਼ ਦੇ ਤਹਿਤ ਸਾਲ 2030 ਤੱਕ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਅੱਧਾ ਕਰਨ ਦੇ ਲਕਸ਼ ਨੂੰ ਹਾਸਿਲ ਕਰਨ ਲਈ ਰੋਡ ਸੇਫ਼ਟੀ ਦੇ '4 ਈ' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ ਹੈ | ਦੀਪਕ ਸ਼ਰਮਾ ਨੇ ਮਾਪਿਆਂ, ਸਿੱਖਿਆ ਸੰਸਥਾਵਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਨੌਜਵਾਨਾਂ ਨੂੰ ਸੜਕ ਸੁਰੱਖਿਆ ਨੂੰ ਸਾਂਝੀ ਜ਼ਿੰਮੇਵਾਰੀ ਮੰਨਣ ਦੀ ਅਪੀਲ ਕੀਤੀ |