25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਫ਼ਿਰੋਜ਼ਪੁਰ 'ਚ ਪਤੰਗਾਂ ਤੇ ਡੋਰ ਦੀ ਖੁੱਲ੍ਹੀ ਲੁੱਟ, ਨਾ ਕੋਈ ਐਮ. ਆਰ. ਪੀ. ਨਾ ਹੀ ਚੈਕਿੰਗ

ਸ਼ਹਿਰ ਵਿਚ ਮਨਮਾਨੇ ਰੇਟਾਂ 'ਤੇ ਵਿਕ ਰਹੀਆਂ ਪਤੰਗਾਂ ਤੇ ਡੋਰਾਂ | <br/> ਜੋਗਾ ਸਿੰਘ ਸਿੱਧੂ ਤੇ ਤੇਜਿੰਦਰ ਸਿੰਘ ਬਿੱਟੂ | ਅਜੀਤ ਤਸਵੀਰ <br/> 21-01-2026
ਫ਼ਿਰੋਜ਼ਪੁਰ, 20 ਜਨਵਰੀ (ਸੁਖਵਿੰਦਰ ਸਿੰਘ)-ਬਸੰਤ ਦੇ ਤਿਉਹਾਰ ਨੂੰ ਲੈ ਕੇ ਫ਼ਿਰੋਜ਼ਪੁਰ ਸ਼ਹਿਰ 'ਚ ਪਤੰਗਬਾਜ਼ੀ ਦਾ ਜੋਸ਼ ਆਪਣੇ ਚਰਮ 'ਤੇ ਹੈ | ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਛੱਤਾਂ 'ਤੇ ਪਤੰਗਾਂ ਉਡਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਪਰ ਇਸ ਖ਼ੁਸ਼ੀ ਭਰੇ ਤਿਉਹਾਰ 'ਤੇ ਪਤੰਗਾਂ ਤੇ ਡੋਰ ਦੇ ਮਨਮਾਨੇ ਰੇਟਾਂ ਨੇ ਆਮ ਲੋਕਾਂ ਦੀਆਂ ਖ਼ੁਸ਼ੀਆਂ 'ਤੇ ਬਰੇਕ ਲਾ ਦਿੱਤਾ ਹੈ | ਸ਼ਹਿਰ ਵਿਚ ਪਤੰਗਾਂ ਤੇ ਡੋਰ ਦੀ ਵਿੱਕਰੀ ਬਿਨਾਂ ਕਿਸੇ ਐਮ. ਆਰ. ਪੀ. ਦੇ ਖੁੱਲ੍ਹੇਆਮ ਕੀਤੀ ਜਾ ਰਹੀ ਹੈ | ਹਾਲਾਤ ਇਹ ਹਨ ਕਿ ਹਰ ਦੁਕਾਨਦਾਰ ਆਪਣੀ ਮਰਜ਼ੀ ਅਨੁਸਾਰ ਰੇਟ ਤੈਅ ਕਰ ਰਿਹਾ ਹੈ | ਇਕੋ ਜਿਹੀ ਪਤੰਗ ਜਾਂ ਡੋਰ ਕਿਸੇ ਦੁਕਾਨ 'ਤੇ ਸਸਤੀ, ਤਾਂ ਕਿਸੇ ਹੋਰ ਦੁਕਾਨ 'ਤੇ ਦੂਣੀ-ਤਿਣੀ ਕੀਮਤ 'ਤੇ ਵੇਚੀ ਜਾ ਰਹੀ ਹੈ, ਜਿਸ ਕਾਰਨ ਗਾਹਕ ਪੂਰੀ ਤਰ੍ਹਾਂ ਅਸਮੰਜਸ ਵਿਚ ਪਿਆ ਹੋਇਆ ਹੈ | ਪਤੰਗਾਂ ਅਤੇ ਡੋਰ 'ਤੇ ਨਾ ਤਾਂ ਕੋਈ ਨਿਰਧਾਰਿਤ ਕੀਮਤ ਦਰਜ ਹੈ ਅਤੇ ਨਾ ਹੀ ਖਪਤਕਾਰ ਵਿਭਾਗ, ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਪ੍ਰਭਾਵਸ਼ਾਲੀ ਚੈਕਿੰਗ ਕੀਤੀ ਜਾ ਰਹੀ ਹੈ | ਇਸ ਦਾ ਸਿੱਧਾ ਨੁਕਸਾਨ ਗ਼ਰੀਬ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਝੱਲਣਾ ਪੈ ਰਿਹਾ ਹੈ, ਜਿਨ੍ਹਾਂ ਲਈ ਬਸੰਤ ਦਾ ਤਿਉਹਾਰ ਮਨਾਉਣਾ ਦਿਨੋਂ-ਦਿਨ ਅÏਖਾ ਹੁੰਦਾ ਜਾ ਰਿਹਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਸੰਤ ਸਿਰਫ਼ ਅਮੀਰ ਵਰਗ ਦਾ ਤਿਉਹਾਰ ਨਹੀਂ, ਸਗੋਂ ਗ਼ਰੀਬ ਘਰਾਂ ਦੇ ਬੱਚਿਆਂ ਲਈ ਵੀ ਇਹ ਦਿਨ ਵੱਡੀ ਖ਼ੁਸ਼ੀ ਲੈ ਕੇ ਆਉਂਦਾ ਹੈ, ਪਰ ਜਦੋਂ ਪਤੰਗਾਂ ਤੇ ਡੋਰ ਦੇ ਰੇਟ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣ, ਤਾਂ ਇਹ ਤਿਉਹਾਰ ਸਿਰਫ਼ ਨਾਮ ਮਾਤਰ ਹੀ ਰਹਿ ਜਾਂਦਾ ਹੈ | ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੁਕਾਨਦਾਰਾਂ ਦੇ ਹੌਸਲੇ ਬੁਲੰਦ ਹਨ | ਨਾ ਤਾਂ ਕਿਸੇ ਦੁਕਾਨ 'ਤੇ ਰੇਟ ਲਿਸਟ ਲੱਗੀ ਹੋਈ ਹੈ ਤੇ ਨਾ ਹੀ ਐਮ. ਆਰ. ਪੀ. ਸੰਬੰਧੀ ਕਿਸੇ ਕਿਸਮ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਸੰਬੰਧੀ ਬਾਬਾ ਵਿਸ਼ਵਕਰਮਾ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ ਸਿੱਧੂ ਤੇ ਕਾਂਗਰਸ ਦੇ ਓ. ਬੀ. ਸੀ. ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਬਸੰਤ ਦਾ ਤਿਉਹਾਰ ਫ਼ਿਰੋਜ਼ਪੁਰ 'ਚ ਹਰ ਸਾਲ ਖ਼ੁਸ਼ੀਆਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਜਿਸ 'ਚ ਹਰ ਵਰਗ ਦੇ ਲੋਕ ਪਤੰਗਬਾਜ਼ੀ ਕਰਕੇ ਖ਼ੁਸ਼ੀ ਦਾ ਮਾਹੌਲ ਬਣਾਉਂਦੇ ਹਨ, ਪਰ ਇਸ ਵਾਰੀ ਦੁਕਾਨਦਾਰਾਂ ਵਲੋਂ ਮਨਮਾਨੇ ਰੇਟ ਲਗਾ ਕੇ ਗ਼ਰੀਬ ਵਰਗ ਲਈ ਇਸ ਤਿਉਹਾਰ ਦਾ ਮਜ਼ਾ ਕਿਰਕਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੁਕਾਨਦਾਰਾਂ ਦੇ ਹੌਸਲੇ ਹੋਰ ਵੀ ਵਧੇ ਹੋਏ ਹਨ | ਨਾ ਤਾਂ ਰੇਟ ਲਿਸਟ ਲਗਾਈ ਗਈ ਹੈ ਤੇ ਨਾ ਹੀ ਖਪਤਕਾਰ ਵਿਭਾਗ ਜਾਂ ਨਗਰ ਨਿਗਮ ਵਲੋਂ ਕੋਈ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਤੰਗਾਂ ਅਤੇ ਡੋਰਾਂ ਦੇ ਨਿਰਧਾਰਿਤ ਰੇਟ ਤੈਅ ਕੀਤੇ ਜਾਣ, ਤਾਂ ਜੋ ਬਸੰਤ ਵਰਗਾ ਖ਼ੁਸ਼ੀਆਂ ਭਰਿਆ ਤਿਉਹਾਰ ਹਰ ਵਰਗ ਦਾ ਇਨਸਾਨ ਬਿਨਾਂ ਕਿਸੇ ਆਰਥਿਕ ਦਬਾਅ ਦੇ ਮਨਾ ਸਕੇ | ਸ਼ਹਿਰ ਵਾਸੀਆਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ | ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ, ਤਾਂ ਮਨਮਾਨੇ ਰੇਟਾਂ ਦੀ ਇਹ ਖੁੱਲ੍ਹੀ ਲੁੱਟ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵਧ ਸਕਦੀ ਹੈ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ 'ਚ ਅਕਾਲੀ ਦਲ ਦੀ ਸਿਆਸੀ ਪਕੜ ਕਮਜ਼ੋਰ ਅਗਲੀ ਖ਼ਬਰ 24 ਨੂੰ ਦਿੜ੍ਹਬਾ ਰੈਲੀ 'ਚ ਇਨਲਿਸਟਮੈਂਟ ਆਊਟ ਸੋਰਸ ਵਰਕਰਾਂ ਨੇ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਕੀਤਾ ਐਲਾਨ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।