ਮੱਖੂ, 20 ਜਨਵਰੀ (ਕੁਲਵਿੰਦਰ ਸਿੰਘ ਸੰਧੂ)-ਉਸਾਹਨ ਹਸਪਤਾਲ ਜ਼ੀਰਾ ਵਲੋਂ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਇਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ | ਮੈਡੀਕਲ ਕੈਂਪ ਦਾ ਮਕਸਦ ਇਲਾਕੇ ਦੇ ਲੋੜਵੰਦ ਵਰਗ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੀ | ਕੈਂਪ ਦੌਰਾਨ ਉਸਾਹਨ ਹਸਪਤਾਲ ਦੇ ਮਾਹਿਰ ਡਾ. ਨਵਦੀਪ ਸਿੰਘ (ਐਮ. ਐੱਸ. ਸਰਜਨ) ਤੇ ਡਾ. ਹਰਦੀਪ ਸਿੰਘ (ਐਮ. ਐੱਸ. ਕੰਨ-ਨੱਕ-ਗਲਾ ਸਪੈਸ਼ਲਿਸਟ) ਵਲੋਂ ਆਏ ਹੋਏ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ | ਮਰੀਜ਼ਾਂ ਨੂੰ ਬਿਮਾਰੀਆਂ ਬਾਰੇ ਸਹੀ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦੀ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਕੈਂਪ ਦੌਰਾਨ ਲਗਪਗ 100 ਦੇ ਕਰੀਬ ਮਰੀਜ਼ਾਂ ਨੇ ਸਿਹਤ ਜਾਂਚ ਕਰਵਾਈ ਤੇ ਡਾਕਟਰਾਂ ਦੀਆਂ ਸਲਾਹਾਂ ਤੋਂ ਲਾਹਾ ਲਿਆ | ਇਸ ਮੌਕੇ ਡਾਕਟਰਾਂ ਵਲੋਂ ਲੋਕਾਂ ਨੂੰ ਮੌਸਮੀ ਬਿਮਾਰੀਆਂ, ਕੰਨ, ਨੱਕ, ਗਲੇ ਦੀਆਂ ਸਮੱਸਿਆਵਾਂ ਤੇ ਆਮ ਸਰਜਰੀ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ | ਨਾਲ ਹੀ ਲੋਕਾਂ ਨੂੰ ਸਾਫ਼-ਸਫ਼ਾਈ, ਸਿਹਤਮੰਦ ਜੀਵਨ ਸ਼ੈਲੀ ਤੇ ਸਮੇਂ-ਸਮੇਂ 'ਤੇ ਡਾਕਟਰੀ ਜਾਂਚ ਕਰਵਾਉਣ ਦੀ ਅਹਿਮੀਅਤ ਬਾਰੇ ਵੀ ਸਮਝਾਇਆ | ਕੈਂਪ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੇਵਾਦਾਰਾਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ, ਜਿਸ ਲਈ ਹਸਪਤਾਲ ਪ੍ਰਬੰਧਨ ਵਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਲਾਕੇ ਦੇ ਲੋਕਾਂ ਨੇ ਵੀ ਉਸਾਹਨ ਹਸਪਤਾਲ ਵਲੋਂ ਕੀਤੇ ਸਮਾਜ ਸੇਵੀ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ | ਇਸ ਸੰਬੰਧੀ ਉਸਾਹਨ ਹਸਪਤਾਲ ਦੇ ਚੇਅਰਮੈਨ ਡਾ. ਜਸਵੰਤ ਸਿੰਘ ਉਸਾਹਨ ਨੇ ਦੱਸਿਆ ਕਿ ਹਸਪਤਾਲ ਵਲੋਂ ਸਮੇਂ-ਸਮੇਂ 'ਤੇ ਧਾਰਮਿਕ, ਸਮਾਜਿਕ ਅਤੇ ਸਰਕਾਰੀ ਦਿਹਾੜਿਆਂ ਦੇ ਮੌਕਿਆਂ 'ਤੇ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕ ਸੇਵਾ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਹਰ ਵਰਗ ਦੇ ਲੋਕਾਂ ਤੱਕ ਬਿਹਤਰ ਤੇ ਸਸਤੀ ਸਿਹਤ ਸਹੂਲਤਾਂ ਪਹੁੰਚਾਉਣਾ ਹੈ ਅਤੇ ਭਵਿੱਖ ਵਿਚ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ |