ਫ਼ਿਰੋਜ਼ਪੁਰ, 20 ਜਨਵਰੀ (ਰਾਕੇਸ਼ ਚਾਵਲਾ)-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ ਦੇ ਪੰਜਾਬ ਉਪ ਪ੍ਰਧਾਨ ਮਿੰਕੂ ਚੌਧਰੀ ਨੇ ਪੰਜਾਬ 'ਚ ਫੈਲ ਰਹੇ ਮੈਡੀਕਲ ਨਸ਼ੇ ਨੂੰ ਲੈ ਕੇ ਕਿਹਾ ਕਿ ਅੱਜ ਫ਼ਿਰੋਜ਼ਪੁਰ ਵਿਚ ਮੈਡੀਕਲ ਸਟੋਰ ਦਵਾਈ ਦੇ ਨਹੀਂ ਸਗੋਂ ਨਸ਼ੇ ਅਤੇ ਮੌਤ ਦੇ ਅੱਡੇ ਬਣ ਚੁੱਕੇ ਹਨ, ਜਿਥੇ ਸ਼ਰੇਆਮ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਹਨ ਅਤੇ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ | ਮਿੰਕੂ ਚੌਧਰੀ ਨੇ ਕਿਹਾ ਕਿ ਫ਼ਿਰੋਜ਼ਪੁਰ ਹੀ ਨਹੀਂ, ਸਗੋਂ ਪੂਰੇ ਪੰਜਾਬ 'ਚ ਸ਼ਰੇਆਮ ਮੈਡੀਕਲ ਨਸ਼ਾ ਵੇਚਿਆ ਜਾ ਰਿਹਾ ਹੈ | ਮਿਹਨਤ-ਮਜ਼ਦੂਰੀ ਕਰਨ ਵਾਲਾ ਲੇਬਰ ਵਰਗ ਇਨ੍ਹਾਂ ਗੋਲੀਆਂ ਨੂੰ ਦਵਾਈ ਸਮਝ ਕੇ ਖਾ ਰਿਹਾ ਹੈ ਅਤੇ ਕੰਮ 'ਤੇ ਜਾ ਰਿਹਾ ਹੈ, ਪਰ ਹਕੀਕਤ 'ਚ ਉਹ ਹੌਲੀ-ਹੌਲੀ ਆਪਣੇ ਸਰੀਰ, ਦਿਮਾਗ਼ ਅਤੇ ਪਰਿਵਾਰ ਤਿੰਨਾਂ ਨੂੰ ਤਬਾਹ ਕਰ ਰਿਹਾ ਹੈ | ਇਹ ਨਸ਼ਾ ਸਿਰਫ਼ ਵਿਅਕਤੀ ਨੂੰ ਨਹੀਂ, ਸਗੋਂ ਪੂਰੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ ਅਤੇ ਇਸ ਲਈ ਸਿੱਧੇ ਤੌਰ 'ਤੇ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹਨ | ਮਿੰਕੂ ਚੌਧਰੀ ਨੇ ਕਿਹਾ ਕਿ ਪੰਜਾਬ ਦਾ ਡਰੱਗ ਵਿਭਾਗ ਪੂਰੀ ਤਰ੍ਹਾਂ ਮੈਡੀਕਲ ਨਸ਼ਾ ਮਾਫ਼ੀਆ ਨਾਲ ਮਿਲਿਆ ਹੋਇਆ ਹੈ | ਮਿੰਕੂ ਚੌਧਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਮੈਡੀਕਲ ਨਸ਼ਾ ਮਾਫ਼ੀਆ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਪਾਰਟੀ ਸੜਕਾਂ 'ਤੇ ਉਤਰ ਕੇ ਅਜਿਹਾ ਅੰਦੋਲਨ ਛੇੜੇਗੀ |