ਮਲੇਰਕੋਟਲਾ, 3 ਜੂਨ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਕਰੀਬ 50 ਕਿੱਲੋਮੀਟਰ ਏਰੀਏ 'ਚ ਹਰ ਸਾਲ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ. ਐਸ. ਗਰੁੱਪ ਇੰਟਰਨੈਸ਼ਨਲ ਇਨਵਾਇਰਨਮੈਂਟ ਐਵਾਰਡੀ ਵਲੋਂ ਪੰਦਰਾਂਵਾੜਾ ਮੁਹਿੰਮ ਦੌਰਾਨ ਆਪਣੇ ਪੱਧਰ 'ਤੇ ਪੰਦਰਾਂ ਦਿਨ ਨੇਮ ਨਾਲ ਬੂਟੇ ਲਗਾਏ ਜਾਂਦੇ ਹਨ | ਜਿਸ ਤਹਿਤ ਅੱਜ ਇੱਕ ਸੰਖੇਪ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਤੇ ਕੇ.ਐਸ ਗਰੁੱਪ ਮਲੇਰਕੋਟਲਾ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਨੇ ਆਪਣੇ ਹੱਥੀਂ ਪੰਦ੍ਹਰਵਾੜਾ ਮੁਹਿੰਮ ਦੀ ਸ਼ੁਰੂਆਤ ਕੀਤੀ | ਪੰਦ੍ਹਰਵਾੜਾ ਮੁਹਿੰਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ ਨੇ ਦੱਸਿਆ ਕਿ ਹਰ ਸਾਲ ਪਿਛਲੇ 25 ਸਾਲਾਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੇ ਕਾਰੋਬਾਰੀ ਤੇ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਵੱਲੋਂ ਇਲਾਕੇ ਦੇ ਧਾਰਮਿਕ ਅਸਥਾਨਾਂ ਤੇ ਪਿੰਡਾਂ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ 'ਤੇ ਖੇਡ ਮੈਦਾਨਾਂ ਤੋਂ ਇਲਾਵਾ ਸਰਕਾਰੀ ਅਦਾਰਿਆਂ ਵਿੱਚ ਲੱਖਾਂ ਬੂਟੇ ਲਗਾਏ ਜਾ ਚੁੱਕੇ ਹਨ | ਇਸ ਲਈ ਵੀ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਲੇਰਕੋਟਲਾ ਤੋਂ 50 ਕਿੱਲੋਮੀਟਰ ਦੇ ਏਰੀਏ ਵਿੱਚ ਜਿਸ ਪਿੰਡ ਵਿੱਚ ਵੀ ਛਾਂਦਾਰ, ਫਲਦਾਰ ਬੂਟੇ ਲਗਾਉਣ ਦੀ ਸੇਵਾ ਕਰਨੀ ਹੈ | ਇੰਦਰਜੀਤ ਸਿੰਘ ਮੁੰਡੇ ਵਲੋਂ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੂੰ ਬੂਟਾ ਵੀ ਭੇਟ ਕੀਤਾ ਗਿਆ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ, ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਚੀਮਾ, ਇੰਦਰਜੀਤ ਸਿੰਘ ਲੁਧਿਆਣਾ, ਮਨਜਿੰਦਰ ਸਿੰਘ ਕਲੇਰ, ਜਸਵੀਰ ਸਿੰਘ ਪਮਾਲੀ ਆਦਿ ਹਾਜ਼ਰ ਸਨ |