10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਧੂਰੀ ਦੇ ਵਿਕਾਸ ਲਈ ਮੀਲ ਪੱਥਰ: ਓਵਰ ਬਰਿੱਜ ਦੀ ਉਸਾਰੀ 'ਚ ਸਹਿਯੋਗ ਦੇਣ ਦੀ ਪੁਰਜ਼ੋਰ ਅਪੀਲ <br/>

ਅਜੀਤ ਡੈਸਕ 19-04-2026
ਧੂਰੀ, 18 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਸਥਾਨਕ ਸ਼ਹਿਰ ਦੇ ਮਲੇਰਕੋਟਲਾ ਰੋਡ 'ਤੇ ਸਥਿਤ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਅੱਜ ਇੱਕ ਅਹਿਮ ਇਕੱਤਰਤਾ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਧੂਰੀ ਸ਼ਹਿਰ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਓਵਰ ਬਰਿੱਜ ਦੀ ਉਸਾਰੀ ਦੇ ਕਾਰਜ ਨੂੰ ਬਿਨਾਂ ਕਿਸੇ ਦੇਰੀ ਦੇ ਕਿਸੇ ਤਣ-ਪੱਤਣ ਲਗਾਇਆ ਜਾਵੇ | ਲੋਕਾਂ ਨੇ ਇੱਕਜੁੱਟ ਹੋ ਕੇ ਇਹ ਸੰਦੇਸ਼ ਦਿੱਤਾ ਕਿ ਇਸ ਵਿਕਾਸ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਡਾਹੁਣਾ ਸ਼ਹਿਰ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਬਰਾਬਰ ਹੋਵੇਗਾ | ਇਸ ਮੌਕੇ ਹਾਜ਼ਰ ਨਿਵਾਸੀਆਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਧੂਰੀ ਸ਼ਹਿਰ ਪਿਛਲੇ ਕਈ ਦਹਾਕਿਆਂ ਤੋਂ ਰੇਲਵੇ ਲਾਈਨਾਂ ਕਾਰਨ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ | ਇਸ ਵੰਡ ਕਾਰਨ ਨਾ ਸਿਰਫ਼ ਆਵਾਜਾਈ ਵਿੱਚ ਵੱਡੀ ਰੁਕਾਵਟ ਆਉਂਦੀ ਹੈ, ਸਗੋਂ ਐਮਰਜੈਂਸੀ ਸੇਵਾਵਾਂ ਅਤੇ ਰੋਜ਼ਾਨਾ ਦੇ ਕੰਮਕਾਜ ਵਿੱਚ ਵੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਮੌਜੂਦਾ ਸਰਕਾਰ ਨੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਸੁਣਿਆ ਹੈ, ਜਿਸ ਨਾਲ ਹੁਣ ਇਹ ਸ਼ਹਿਰ ਮੁੜ ਇੱਕ ਹੋਣ ਦੀ ਉਮੀਦ ਜਾਗੀ ਹੈ | ਦੁਕਾਨਦਾਰਾਂ ਨੇ ਨਿੱਜੀ ਹਿਤਾਂ ਲਈ ਵਿਰੋਧ ਕਰਨ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਾਂਝੇ ਵਿਕਾਸ ਕਾਰਜ ਵਿੱਚ ਰੁਕਾਵਟਾਂ ਪਾਉਣੀਆਂ ਬੰਦ ਕਰਨ | ਉਨ੍ਹਾਂ ਕਿਹਾ ਕਿ ਓਵਰ ਬਰਿੱਜ ਦੀ ਉਸਾਰੀ ਨਾਲ ਨਾ ਸਿਰਫ਼ ਮਲੇਰਕੋਟਲਾ ਰੋਡ, ਸਗੋਂ ਪੂਰੇ ਸ਼ਹਿਰ ਦੀ ਆਰਥਿਕਤਾ ਅਤੇ ਦਿੱਖ ਵਿੱਚ ਸੁਧਾਰ ਹੋਵੇਗਾ | ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਉਸਾਰੀ ਦਾ ਕੰਮ ਨਿਰਵਿਘਨ ਜਾਰੀ ਰਹਿ ਸਕੇ ਅਤੇ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਹਾੜ੍ਹੀ ਸੀਜ਼ਨ ਦੀ ਸ਼ੁਰੂਆਤ ਮੌਕੇ ਟਰੱਕ ਯੂਨੀਅਨ ਧੂਰੀ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਨੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।