02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸ਼ਹੀਦ ਕਾਮਰੇਡ ਅਵਤਾਰ ਢੁੱਡੀਕੇ ਦੀ ਬਰਸੀ ਪਿੰਡ ਢੁੱਡੀਕੇ ਵਿਖੇ ਮਨਾਈ

ਅਜੀਤ ਡੈਸਕ 27-07-2026

ਮੋਗਾ, ਅਜੀਤਵਾਲ, 26 ਜੁਲਾਈ (ਸੁਰਿੰਦਰਪਾਲ ਸਿੰਘ, ਹਰਦੇਵ ਸਿੰਘ ਮਾਨ)-ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ, ਲੈਨਿਨਵਾਦੀ (ਨਿਊ ਡੈਮੋਕਰੇਸੀ) ਵਲੋਂ ਪਿੰਡ ਢੁੱਡੀਕੇ ਦੇ ਕਮਿਊਨਿਟੀ ਹਾਲ ਵਿਚ ਸ਼ਹੀਦ ਕਾਮਰੇਡ ਅਵਤਾਰ ਸਿੰਘ ਢੁੱਡੀਕੇ ਦੀ ਬਰਸੀ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਦੋ ਮਿੰਟ ਦਾ ਮੌਨ ਧਾਰ ਕੇ ਕੀਤੀ ਗਈ। ਇਸ ਮੌਕੇ ਸੀ.ਪੀ.ਆਈ.ਐਮ.ਐਲ. (ਨਿਊ ਡੈਮੋਕਰੇਸੀ) ਦੇ ਸੂਬਾ ਆਗੂ ਕੁਲਵਿੰਦਰ ਸਿੰਘ ਵੜੈਚ, ਸ਼ਹੀਦ ਅਵਤਾਰ ਦੇ ਸਾਥੀ ਰਹੇ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅਵਤਾਰ ਸਿੰਘ ਤਾਰੀ ਰਸੂਲਪੁਰ, ਸੂਬਾ ਆਗੂ ਮੰਗਾ ਸਿੰਘ ਵੈਰੋਕੇ, ਕਾਮਰੇਡ ਅਵਤਾਰ ਸਿੰਘ ਢੁੱਡੀਕੇ ਦੀ ਪਤਨੀ ਸੁਰਿੰਦਰ ਕੌਰ ਢੁੱਡੀਕੇ ਨੇ ਕਾਮਰੇਡ ਅਵਤਾਰ ਸਿੰਘ ਢੁੱਡੀਕੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਸਾਥੀ ਅਵਤਾਰ ਢੁੱਡੀਕੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਮਹਾਨ ਸ਼ਹੀਦ ਸਨ ਜਿਨ੍ਹਾਂ ਦੇ ਸੰਘਰਸ਼ਮਈ ਜੀਵਨ ਦੀ ਸ਼ੁਰੂਆਤ ਨੌਜਵਾਨ ਭਾਰਤ ਸਭਾ ਤੋਂ ਹੋਈ। ਉਨ੍ਹਾਂ ਕਮਿਊਨਿਸਟ ਪਾਰਟੀ ਦੀ ਲਾਇਨ ਮੁਤਾਬਿਕ ਪੇਂਡੂ ਘੜੰਮ ਚੌਧਰੀਆਂ, ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਗ਼ਰੀਬ ਗੁਰਬੇ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸੇ ਤਰ੍ਹਾਂ ਪਿੰਡ ਦੇ ਮੱਛਰੇ ਸਮਾਜ ਵਿਰੋਧੀ ਅਨਸਰਾਂ ਦੁਆਰਾ ਇਕ ਨਰਸ ਨਾਲ ਕੀਤੀ ਛੇੜਛਾੜ ਵਿਰੁੱਧ ਘੋਲ ਲੜਿਆ ਜਿਸ ਕਾਰਨ ਉਨ੍ਹਾਂ ਗੁੰਡਿਆਂ ਨੇ ਖ਼ਫ਼ਾ ਹੋ ਕੇ 25 ਜੁਲਾਈ 1983 ਨੂੰ ਪਿੰਡ ਕੋਕਰੀ ਕਲਾਂ ਦੇ ਡਾਕਖ਼ਾਨੇ ਤੋਂ ਡਿਊਟੀ ਤੋਂ ਵਾਪਸ ਆਉਂਦੇ ਅਵਤਾਰ ਢੁੱਡੀਕੇ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਾਮਰੇਡ ਅਵਤਾਰ ਢੁੱਡੀਕੇ ਸਾਮਰਾਜੀ ਲੁੱਟ, ਜੰਗਾਂ ਵਿਚ ਪਿਸ ਰਹੀਆਂ ਕੌਮਾਂ ਦੀ ਲੜਾਈ ਨੂੰ ਪਰਨਾਇਆ ਹੋਇਆ ਸੀ, ਉਹ ਝੂਠੀ ਆਜ਼ਾਦੀ ਤੋਂ ਬਾਅਦ ਸੱਤਾ ਮਾਣ ਰਹੇ ਹਾਕਮਾਂ ਨੂੰ ਆਜ਼ਾਦ ਨਹੀਂ ਬਲਕਿ ਦਲਾਲ ਮੰਨਣ ਦੀ ਸਮਝ ਨੂੰ ਪਰਨਾਇਆ ਸੀ। ਉਹ ਸਾਮਰਾਜ, ਦਲਾਲ ਭਾਰਤੀ ਹਾਕਮ, ਜਾਗੀਰਦਾਰੀ ਖ਼ਿਲਾਫ਼ ਕੁੱਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਆਮ ਲੋਕਾਂ ਦੇ ਏਕੇ ਦਾ ਮੁੱਦਈ ਸੀ। ਉਸ ਦਾ ਮਜ਼ਦੂਰ ਜਮਾਤ ਦਾ ਰਾਜ ਲਿਆਉਣ ਦਾ ਸੁਪਨਾ ਅੱਜ ਵੀ ਅਧੂਰਾ ਹੈ। ਆਗੂਆਂ ਨੇ ਕਿਹਾ ਕਿ ਸੀ.ਪੀ.ਆਈ. ਨਿਊ ਡੈਮੋਕਰੇਸੀ ਵਲੋਂ ਫਾਸੀਵਾਦੀ ਹਮਲਿਆਂ ਵਿਰੁੱਧ ਸਤੰਬਰ ਮਹੀਨੇ ਵਿਚ ਸੂਬਾ ਪੱਧਰੀ ਸਿਆਸੀ ਕਾਨਫ਼ਰੰਸ ਕੀਤੀ ਜਾਵੇਗੀ। ਸਟੇਜ ਦਾ ਸੰਚਾਲਨ ਜ਼ਿਲ੍ਹਾ ਮੋਗਾ ਦੇ ਬੁਲਾਰੇ ਚਮਕੌਰ ਸਿੰਘ ਨੇ ਕੀਤਾ।

ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਿਲਮ ਵਿਖਾਈ ਅਗਲੀ ਖ਼ਬਰ ਲਾਇਨਜ਼ ਕਲੱਬ ਮੋਗਾ ਰਾਇਲ ਦੀ ਜਨਰਲ ਬਾਡੀ ਮੀਟਿੰਗ ਸਫਲਤਾ ਪੂਰਵਕ ਸਮਾਪਤ, 15 ਨਵੇਂ ਮੈਂਬਰਾਂ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।