ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ)-ਐਸ.ਐਫ.ਸੀ. ਗਰੁੱਪ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ ਨੇ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਧਰਮਕੋਟ ਰੋਡ ਮੋਗਾ ਵਿਖੇ ਆਪਣੇ ਦੌਰੇ ਦੌਰਾਨ ਰਾਸ਼ਟਰੀ ਮਹਿਲਾ ਆਯੋਗ (ਐਨ.ਸੀ.ਡਬਲਯੂ.) ਦੀ ਚੇਅਰਪਰਸਨ ਮੈਡਮ ਵਿਜਯਾ ਰਾਹਟਕਰ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ਮੌਕੇ ਮੈਡਮ ਰਾਹਟਕਰ ਨੇ ‘’ਨਸ਼ੀਲੇ ਪਦਾਰਥਾਂ ਦੀ ਲਤ ਦਾ ਖ਼ਤਰਾ: ਮਹਿਲਾਵਾਂ ‘ਤੇ ਪੈਣ ਵਾਲੇ ਬੋਝ ਦਾ ਖ਼ੁਲਾਸਾ’’ ਵਿਸ਼ੇ ‘ਤੇ ਇਕ ਜਾਣਕਾਰੀ ਭਰਪੂਰ ਸੈਸ਼ਨ ਸੰਬੋਧਨ ਕੀਤਾ। ਉਨ੍ਹਾਂ ਨੇ ਨਸ਼ਿਆਂ ਦੇ ਸਮਾਜ ‘ਤੇ ਪੈਣ ਵਾਲੇ ਦੂਰਗਾਮੀ ਪ੍ਰਭਾਵਾਂ, ਖ਼ਾਸ ਕਰਕੇ ਮਹਿਲਾਵਾਂ ਅਤੇ ਪਰਿਵਾਰਾਂ ‘ਤੇ ਪੈਣ ਵਾਲੇ ਇਸ ਦੇ ਗੰਭੀਰ ਅਸਰਾਂ ਬਾਰੇ ਚਾਨਣਾ ਪਾਇਆ। ਆਪਣੇ ਮੰਗ ਪੱਤਰ ਰਾਹੀਂ ਸ਼੍ਰੀ ਜਿੰਦਲ ਨੇ ਪੰਜਾਬ ਦੇ ਮਾਲਵਾ ਖੇਤਰ ਵਿਚ ਖ਼ਾਸ ਤੌਰ ‘ਤੇ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਲਾਂ ਵੱਲ ਧਿਆਨ ਦਿਵਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਪੀੜਤ ਵਿਅਕਤੀਆਂ ਦੇ ਪੁਨਰਵਾਸ ਲਈ ਮਹੱਤਵਪੂਰਨ ਯਤਨ ਕੀਤੇ ਜਾ ਰਹੇ ਹਨ, ਪਰ ਨਸ਼ਿਆਂ ਜਾਂ ਓਵਰ ਡੋਜ਼ ਕਾਰਨ ਪ੍ਰਭਾਵਿਤ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਚੁੱਕੇ ਪਰਿਵਾਰਾਂ ਦੀਆਂ ਮਹਿਲਾਵਾਂ ਦੇ ਪੁਨਰਵਾਸ ਅਤੇ ਸਮਾਜਿਕ-ਆਰਥਿਕ ਸਸ਼ਕਤੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਮੰਗ ਪੱਤਰ ਵਿਚ ਰਾਸ਼ਟਰੀ ਮਹਿਲਾ ਆਯੋਗ ਨੂੰ ਬੇਨਤੀ ਕੀਤੀ ਗਈ ਕਿ ਨਸ਼ਾ ਪ੍ਰਭਾਵਿਤ ਪਰਿਵਾਰਾਂ ਦੀਆਂ ਪਤਨੀਆਂ ਅਤੇ ਮਹਿਲਾਵਾਂ ਲਈ ਰੋਜ਼ਗਾਰ ਦੇ ਮੌਕੇ, ਹੁਨਰ ਵਿਕਾਸ, ਸਿੱਖਿਆ ਸਹਾਇਤਾ ਅਤੇ ਪੁਨਰਵਾਸ ਸੰਬੰਧੀ ਨੀਤੀਆਂ ਅਤੇ ਯੋਜਨਾਵਾਂ ਬਣਾਉਣ ‘ਤੇ ਵਿਚਾਰ ਕੀਤਾ ਜਾਵੇ, ਤਾਂ ਜੋ ਉਹ ਸਨਮਾਨ ਪੂਰਵਕ ਅਤੇ ਸਵੈ-ਨਿਰਭਰ ਜੀਵਨ ਬਤੀਤ ਕਰ ਸਕਣ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾ ਸਕਣ। ਮੈਡਮ ਰਾਹਟਕਰ ਨੇ ਮਹਿਲਾਵਾਂ ਦੀ ਭਲਾਈ ਪ੍ਰਤੀ ਪ੍ਰਗਟਾਈ ਗਈ ਇਸ ਚਿੰਤਾ ਦੀ ਸ਼ਲਾਘਾ ਕੀਤੀ ਅਤੇ ਨਸ਼ਿਆਂ ਦੀ ਸਮੱਸਿਆ ਦੇ ਸਮਾਜਿਕ ਪੱਖਾਂ ਨਾਲ ਨਜਿੱਠਣ ਲਈ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨਾਂ, ਸਿੱਖਿਆਵਾਂ, ਵਿਦਿਆਰਥੀਆਂ ਅਤੇ ਐਸ.ਐਫ.ਸੀ. ਗਰੁੱਪ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।