ਬਾਘਾ ਪੁਰਾਣਾ, 23 ਜੂਨ (ਗੁਰਮੀਤ ਸਿੰਘ ਮਾਣੂੰਕੇ) -ਕਮਿਊਨਿਟੀ ਹੈਲਥ ਅਫ਼ਸਰਾਂ (ਸੀ. ਐਚ. ਓ.) ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਕ ਵਿਚ ਅੱਜ ਮੁੱਢਲਾ ਸਿਹਤ ਕੇਂਦਰ ਠੱਠੀ ਭਾਈ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸੀ.ਐਚ.ਓ. ਸੂਬੇ ਭਰ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਰਫਾਰਮੈਂਸ ਬੇਸਡ ਇੰਨਸੈਂਟਿਵ ਦੀ ਥਾਂ ਪੱਕਾ ਵਾਧਾ ਕੀਤਾ ਜਾਵੇ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ ਅਤੇ ਤਨਖਾਹਾਂ ਵਿਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਦੂਰ ਕੀਤਾ ਜਾਵੇ। ਗੁਰਸਿਮਰਨ ਸਿੰਘ, ਹਰਮਨ ਸਿੰਘ ਅਤੇ ਅਮਨਦੀਪ ਕੌਰ ਆਦਿ ਆਗੂਆਂ ਨੇ ਕਿਹਾ ਕਿ 2018 ਤੋਂ ਬੰਦ ਪਏ ਲਾਇਲਟੀ ਬੋਨਸ ਨੂੰ ਮੁੜ ਲਾਗੂ ਕੀਤਾ ਜਾਵੇ, ਤਨਖਾਹ ਅਤੇ ਇੰਨਸੈਂਟਿਵ ਨੂੰ ਇਕੱਠਾ ਕਰਕੇ ਤਨਖਾਹ ਢਾਂਚਾ ਸੁਧਾਰਿਆ ਜਾਵੇ ਅਤੇ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਵਾਧਾ ਦਿੱਤਾ ਜਾਵੇ। ਇਸ ਤੋਂ ਇਲਾਵਾ ਸੀ.ਐਚ.ਓ. ਦੀਆਂ ਅਸਾਮੀਆਂ ਨੂੰ ਰੈਗੂਲਰ ਕਰਕੇ ਕੈਬਨਿਟ ਤੋਂ ਮਨਜ਼ੂਰੀ ਦਿੱਤੀ ਜਾਵੇ ਅਤੇ ਯੋਗਤਾ ਅਨੁਸਾਰ ਤਰੱਕੀਆਂ ਦੇ ਮੌਕੇ ਪ੍ਰਦਾਨ ਕੀਤੇ ਜਾਣ। ਧਰਨਾਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਬੀ.ਏ.ਐਮ.ਐਸ. ਸੀ.ਐਚ.ਓ. ਨੂੰ ਨਾਨ ਪ੍ਰੈਕਟਿਸ ਅਲਾਊਂਸ ਦਿੱਤਾ ਜਾਵੇ। ਗਾਇਨੀਕੋਲੋਜੀ ਅਤੇ ਹੋਰ ਵਿਸ਼ੇਸ਼ ਟਰੇਨਿਗਾਂ ਮੁਹੱਈਆ ਕਰਵਾਈਆਂ ਜਾਣ ਅਤੇ ਐਨ.ਕਿਊ.ਏ.ਐਸ. ਨਾਲ ਸਬੰਧਿਤ ਬੇਲੋੜਾ ਦਬਾਅ ਖਤਮ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਜਲਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ| ਧਰਨੇ ਦੌਰਾਨ ਵੱਡੀ ਗਿਣਤੀ ਵਿਚ ਸੀ.ਐਚ.ਓ. ਹਾਜ਼ਰ ਸਨ।
ਕਮਿਊਨਿਟੀ ਹੈਲਥ ਅਫਸਰਾਂ ਨੇ ਹੱਕੀ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
ਅਜੀਤ ਡੈਸਕ
24-06-2026