ਬੱਧਨੀ ਕਲਾਂ, 23 ਜੂਨ (ਸੰਜੀਵ ਕੋਛੜ)- ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਦੌਧਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਵਿਚ ਸ਼ੁਰੂਆਤੀ ਸੈਸ਼ਨ ਸਵੇਰ 6 ਵਜੇ ਸਮੂਹ ਕਾਲਜਿਜ਼ ਪ੍ਰਿੰਸੀਪਲਾਂ ਅਤੇ ਡਾਇਰੈਕਟਰ ਸਾਹਿਬਾਨ ਦੁਆਰਾ, ਕਾਲਜ ਸਰਪ੍ਰਸਤ ਸੰਤ ਬਾਬਾ ਕਪੂਰ ਸਿੰਘ ਦੇ ਸਵਾਗਤ ਉਪਰੰਤ ਐਲਾਨਿਆ ਗਿਆ, ਜਿਸ ਵਿਚ ਡਾ. ਏਕਤਾ ਸ਼ਰਮਾ ਅਤੇ ਡਾ. ਸੁਮਿਤ ਸਾਹਿਲ ਦੁਆਰਾ ਇਸ ਦਿਨ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਵਿਸਤਾਰ ਸਹਿਤ ਰੌਸ਼ਨੀ ਪਾਈ ਗਈ। ਇਸ ਵਿਚ ਪ੍ਰਤੀ ਭਾਗੀਆਂ ਦੁਆਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੇ ਸਿੱਧੇ ਪ੍ਰਸਾਰਨ ਅਧੀਨ ਯੋਗਾ ਸੈਸ਼ਨ ਵਿਚ ਹਿੱਸਾ ਲਿਆ ਗਿਆ । ਇਸ ਤੋਂ ਬਾਅਦ ਇਕ ਸੰਯੁਕਤ ਯੋਗਾ ਅਭਿਆਸ ਦਾ ਸੈਸ਼ਨ ਚੱਲਿਆ ਜਿਸ ਵਿਚ ਬਾਬੇ ਕੇ ਨਰਸਿੰਗ, ਬਾਬੇ ਕੇ ਆਯੁਰਵੈਦਿਕ ਕਾਲਜ ਅਤੇ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਪ੍ਰੋਗਰਾਮ ਦੇ ਅੰਤ ਵਿਚ ਕਾਲਜ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਅਤੇ ਡਾਇਰੈਕਟਰ ਕਾਲਜਾਂ ਵਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਭ ਕਾਲਜਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਦੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ । ਚੇਅਰਮੈਨ ਇੰਦਰਪਾਲ ਸਿੰਘ ਕਲੇਰ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਦੇ ਰੂਬਰੂ ਹੁੰਦਿਆਂ ਤੇ ਯੋਗ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਯੋਗ ਸਿਰਫ਼ ਇਕ ਕਸਰਤ ਨਹੀਂ, ਮਨ ਅਤੇ ਤਨ ਦੇ ਸੁਮੇਲ ਦਾ ਨਾਮ ਹੈ । ਯੋਗ ਸਾਡੀ ਤਣਾਅ ਅਤੇ ਰੁਝੇਵੇਂ ਭਰੀ ਜ਼ਿੰਦਗੀ ‘ਚ ਸਕਾਰਾਤਮਿਕ ਬਦਲਾਅ ਤੇ ਤੰਦਰੁਸਤੀ ਲਈ ਇਕ ਰਾਮ ਬਾਣ ਦਵਾਈ ਹੈ। ਡਾ. ਅਸ਼ਵਨੀ ਕੁਮਾਰ, ਪ੍ਰਿੰਸੀਪਲ, ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਦੌਧਰ ਵਲੋਂ ਹਾਜ਼ਰ ਵਿਦਿਆਰਥੀਆਂ ਅਤੇ ਸਟਾਫ਼ ਦੀ ਭਾਗੀਦਾਰੀ ਦੀ ਪ੍ਰਸੰਸਾ ਕੀਤੀ ਗਈ। ਸਮਾਗਮ ਦੇ ਅੰਤ ਵਿਚ ਸੰਤ ਬਾਬਾ ਕਪੂਰ ਸਿੰਘ ਵਲੋਂ ਹਾਜ਼ਰ ਪ੍ਰਤੀ ਭਾਗੀਆਂ ਲਈ ਉਤਸ਼ਾਹ ਦੇ ਤੌਰ’ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਉਚੇਚੇ ਤੌਰ ’ਤੇ ਕੀਤਾ ਗਿਆ।
ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਦੌਧਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅਜੀਤ ਡੈਸਕ
24-06-2026