ਮਾਝੇ ਵਿਚ ਸਥਾਪਤੀ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਾਲਵੇ ਵਿਚ ਮਿਲਣ ਲੱਗਾ ਭਰਵਾਂ ਸਮਰਥਨ <br/>
ਅਜੀਤ ਡੈਸਕ
31-03-2026
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਆਪ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਰਸ਼ ਉਮਰੀਆਣਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋ ਗਏ | ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਅਰਸ਼ ਉਮਰੀਆਣਾ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਣ ਮੌਕੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਅਰਸ਼ ਉਮਰੀਆਣਾ ਉਸ ਵੇਲੇ ਚਰਚਾ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਪੰਜਾਬ ਦੇ ਕਰੀਬ 3500 ਪਿੰਡਾਂ ਦੀ ਸਾਈਕਲ ਯਾਤਰਾ ਕਰ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦੀ ਮੁਹਿੰਮ ਵਿੱਢੀ ਸੀ | ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਾਝਾ ਖੇਤਰ ਵਿਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ, ਜਿਸ ਕਾਰਨ ਮਾਝੇ ਵਿਚ ਪਾਰਟੀ ਦਾ ਮਜ਼ਬੂਤ ਸਿਆਸੀ ਆਧਾਰ ਕਾਇਮ ਹੋਇਆ ਹੈ | ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਜਿਸ ਢੰਗ ਨਾਲ ਮਾਲਵਾ ਖੇਤਰ ਵਿਚ ਜਨ-ਸਮਰਥਨ ਮਿਲਣ ਲੱਗਾ ਉਸ ਨਾਲ ਪਾਰਟੀ ਹੇਠਲੇ ਪੱਧਰ ਉੱਪਰ ਹੋਰ ਮਜ਼ਬੂਤ ਹੋਈ ਹੈ | ਪਾਰਟੀ ਆਗੂਆਂ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਾਲਵਾ ਖੇਤਰ ਵਿਚ ਵੱਡੇ ਸਿਆਸੀ ਧਮਾਕੇ ਕਰ ਕੇ ਪਾਰਟੀ ਨੂੰ ਸਿਆਸੀ ਪੱਧਰ ਉੱਪਰ ਹੋਰ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ | ਸੂਤਰ ਦੱਸਦੇ ਹਨ ਆਉਣ ਵਾਲੇ ਦਿਨੇ ਵਿਚ ਮਾਲਵਾ ਖੇਤਰ ਵਿਚ ਕਈ ਵੱਡੇ ਆਗੂ ਦੂਸਰੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋ ਸਕਦੇ ਹਨ | ਅਰਸ਼ ਉਮਰੀਆਣਾ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਣ ਮੌਕੇ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਮਾਝਾ ਖ਼ਿੱਤੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮਜ਼ਬੂਤ ਜਨ-ਆਧਾਰ ਕਾਇਮ ਹੋਣ ਤੋਂ ਬਾਅਦ ਹੁਣ ਪਾਰਟੀ ਨੂੰ ਮਾਲਵਾ ਖੇਤਰ ਵਿਚ ਭਰਵਾਂ ਸਮਰਥਨ ਮਿਲਣ ਲੱਗਾ ਹੈ | ਉਨ੍ਹਾਂ ਕਿਹਾ ਕਿ ਅਰਸ਼ ਉਮਰੀਆਣਾ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਅਤੇ ਉਨ੍ਹਾਂ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਾਲਵਾ ਖੇਤਰ ਵਿਚ ਵੱਡਾ ਸਿਆਸੀ ਬਲ ਮਿਲਿਆ ਹੈ | ਭਾਈ ਸਰਬਜੀਤ ਖ਼ਾਲਸਾ ਨੇ ਕਿਹਾ ਕਿ ਪੰਥਕ ਲਹਿਰ ਪੰਜਾਬ ਵਿਚ ਧੜੱਲੇ ਨਾਲ ਪੈਰ ਪਸਾਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਾਲਵਾ ਖ਼ਿੱਤੇ ਵਿਚ ਭਾਰੀ ਸਮਰਥਨ ਮਿਲਣ ਜਾ ਰਿਹਾ ਹੈ | ਇਸ ਮੌਕੇ ਅਰਸ਼ ਉਮਰੀਆਣਾ ਨੇ ਕਿਹਾ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਕਰਨਗੇ | ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪੀ.ਏ.ਸੀ. ਮੈਂਬਰ ਬਾਬੂ ਸਿੰਘ ਬਰਾੜ, ਪੀ.ਏ.ਸੀ. ਮੈਂਬਰ ਕਾਬਲ ਸਿੰਘ, ਐਮ.ਪੀ. ਸਰਬਜੀਤ ਸਿੰਘ ਖ਼ਾਲਸਾ ਦੇ ਪੀ.ਏ. ਦਲੇਰ ਸਿੰਘ ਡੋਡ, ਵਰਕਿੰਗ ਕਮੇਟੀ ਮੈਂਬਰ ਸਤਨਾਮ ਕੌਰ, ਹਲਕਾ ਮੋਗਾ ਤੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ, ਸਤਪਾਲ ਸਿੰਘ ਸੱਤਾ, ਡਾ. ਰਾਜਵਿੰਦਰ ਸਿੰਘ ਭਾਟੀਆ ਤੇ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ |