ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਐਨ.ਸੀ.ਸੀ. ਯੂਨਿਟ ਤੇ ਕਰਨਲ ਭੁਪਿੰਦਰ ਸਿੰਘ ਮਾਨ ਕਮਾਂਡਿੰਗ ਅਫਸਰ 6 ਪੰਜਾਬ ਬਟਾਲੀਅਨ ਐਨ.ਸੀ.ਸੀ. ਮਲੋਟ ਵਲੋਂ ਆਰਮੀ ਰਿਕਰੂਟਿੰਗ ਆਫਿਸ ਏ. ਆਰ. ਓ. ਫਿਰੋਜ਼ਪੁਰ ਦੇ ਸਹਿਯੋਗ ਨਾਲ ਅਗਨੀਵੀਰ ਭਰਤੀ 'ਤੇ ਪ੍ਰਸਾਰ ਭਾਸ਼ਣ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਭਾਰਤੀ ਹਥਿਆਰਬੰਦ ਸੈਨਾਵਾਂ 'ਚ ਅਗਨੀਵੀਰ (ਅਗਨੀਪਥ) ਭਰਤੀ ਯੋਜਨਾ ਬਾਰੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ | ਏ. ਆਰ.ਓ. ਦੇ ਮੁੱਖ ਵਕਤਾ ਹੌਲਦਾਰ ਸੋਮਨਾਥ ਪਾਲ ਤੇ ਪਵਨ ਯਾਦਵ ਨੇ ਯੋਗਤਾ ਮਾਪਦੰਡ, ਚੋਣ ਪ੍ਰਕਿਰਿਆ ਤੇ ਭਰਤੀ ਪੜਾਵਾਂ, ਜਿਸ ਵਿਚ ਲਿਖਤੀ ਪ੍ਰੀਖਿਆ, ਸਰੀਰਕ ਟੈਸਟ ਅਤੇ ਡਾਕਟਰੀ ਜਾਂਚ ਸ਼ਾਮਿਲ ਹੈ, ਬਾਰੇ ਵਿਸਥਾਰ ਨਾਲ ਮਾਰਗਦਰਸ਼ਨ ਪ੍ਰਦਾਨ ਕੀਤਾ | ਸਮਾਗਮ ਵਿਚ ਐਨ.ਸੀ.ਸੀ. ਕੈਡਿਟਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਕਾਲਜ ਦੀ ਸਥਾਨਕੀ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਤੇ ਪਿ੍ੰਸੀਪਲ ਪ੍ਰੋ.ਸਰਬਜੀਤ ਕੌਰ ਵਲੋਂ ਸੂਬੇਦਾਰ ਮੇਜਰ ਰਣਜੀਤ ਸਿੰਘ, ਸੰਸਥਾ ਲੈਫਟੀਨੈਂਟ ਕਮਲਜੀਤ ਕੌਰ (ਏ. ਐਨ. ਓ. ਜੀ. ਐਨ. ਸੀ.), ਥਰਡ ਅਫ਼ਸਰ ਰਜਨੀ ਬਾਲਾ, (ਏ.ਐਨ. ਓ.ਡੀ.ਵੀ.ਐਮ. ਪਬਲਿਕ ਸਕੂਲ ਉਦੇਕਰਨ), ਸੂਬੇਦਾਰ ਅਨਿਲ ਕੁਮਾਰ ਯਾਦਵ, ਹਵਾਲਦਾਰ ਨਵੀਨ ਕੁਮਾਰ ਅਤੇ ਭਾਗੀਦਾਰਾਂ ਸਮੇਤ ਪ੍ਰਬੰਧਕ ਟੀਮ ਦੇ ਸਮੂਹਿਕ ਯਤਨਾਂ ਦਾ ਧੰਨਵਾਦ ਕੀਤਾ |