ਬਾਘਾ ਪੁਰਾਣਾ, 26 ਮਾਰਚ (ਟਿੰਕੂ ਕਾਠਪਾਲ)-ਬੀਤੇ ਦਿਨੀਂ ਸਵਰਗਵਾਸੀ ਐਮ.ਐਲ.ਏ. ਸਾਧੂ ਸਿੰਘ ਰਾਜੇਆਣਾ ਦੇ ਪੋਤੇ, ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ ਦੇ ਭਤੀਜੇ ਤੇ ਅਵਤਾਰ ਸਿੰਘ ਬਰਾੜ ਦੇ ਪੁੱਤਰ ਸਵ: ਹਰਪ੍ਰੀਤ ਸਿੰਘ ਬਰਾੜ ਦੇ ਅਚਾਨਕ ਅਕਾਲ ਚਲਾਣੇ ਨਾਲ ਇਲਾਕੇ 'ਚ ਗਹਿਰਾ ਦੁੱਖ ਛਾ ਗਿਆ | ਇਸ ਦੁੱਖ ਦੀ ਘੜੀ 'ਚ ਰਾਜੇਆਣਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਸਿੰਘ ਹੈਨਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਜਗਤਾਰ ਸਿੰਘ ਰਾਜੇਆਣਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਗਹਿਰਾ ਦੁੱਖ ਸਾਂਝਾ ਕੀਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ | ਅਵਤਾਰ ਸਿੰਘ ਹੈਨਰੀ ਨੇ ਕਿਹਾ ਕਿ ਹਰਪ੍ਰੀਤ ਸਿੰਘ ਬਰਾੜ ਇਕ ਨਿਮਰ ਸੁਭਾਅ ਦੇ ਮਾਲਕ ਤੇ ਸਮਾਜਿਕ ਸੋਚ ਵਾਲੇ ਨੌਜਵਾਨ ਸਨ, ਜਿਨ੍ਹਾਂ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਬਹੁਤ ਹੀ ਦੁਖਦਾਈ ਹੈ | ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ | ਅਵਤਾਰ ਸਿੰਘ ਹੈਨੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਸਵਰਗੀ ਸਾਧੂ ਸਿੰਘ ਸਾਬਕਾ ਐਮ.ਐਲ.ਏ. ਦੇ ਪਰਿਵਾਰ ਨਾਲ ਖੜ੍ਹੇ ਹਨ ਤੇ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹਨ | ਇਸ ਮੌਕੇ ਇਲਾਕੇ ਦੇ ਕਈ ਪ੍ਰਮੁੱਖ ਸਮਾਜ ਸੇਵੀ, ਆਗੂ ਅਤੇ ਪਿੰਡ ਵਾਸੀ ਵੀ ਰਾਜੇਆਣਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ | ਇਸ ਮੌਕੇ ਅਵਤਾਰ ਸਿੰਘ ਬਰਾੜ ਰਾਜੇਆਣਾ, ਜਗਤਾਰ ਸਿੰਘ ਬਰਾੜ ਰਾਜੇਆਣਾ, ਮਹਿੰਦਰ ਸਿੰਘ ਗੁਲੂ ਲੰਢੇਕੇ, ਜਸਵਿੰਦਰ ਸਿੰਘ ਬੱਬੀ ਲੰਢੇਕੇ, ਗੁਰਪ੍ਰੀਤ ਸਿੰਘ ਬਰਾੜ ਰਾਜੇਆਣਾ, ਯਾਦਵਿੰਦਰ ਸਿੰਘ ਧਾਲੀਵਾਲ, ਗੁਰਸ਼ਰਨ ਸਿੰਘ ਸੰਧੂ ਅਤੇ ਹੋਰ ਹਾਜ਼ਰ ਸਨ |