ਮੋਗਾ, 26 ਮਾਰਚ (ਅਸ਼ੋਕ ਬਾਂਸਲ)-ਆੜ੍ਹਤੀਆ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਪ੍ਰਧਾਨ ਸਮੀਰ ਜੈਨ ਦੀ ਅਗਵਾਈ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ ਜਿਸ ਵਿਚ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਮੀਰ ਜੈਨ ਨੇ ਆਖਿਆ ਕਿ 16 ਮਾਰਚ ਨੂੰ ਮਖੂ ਵਿਖੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦਾ ਇਜਲਾਸ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ ਹੋਇਆ ਸੀ ਜਿਸ ਵਿਚ ਪੰਜਾਬ ਭਰ ਦੇ ਆੜ੍ਹਤੀਆਂ ਨੇ ਫ਼ੈਸਲਾ ਕੀਤਾ ਸੀ ਕਿ ਜੇਕਰ ਆੜ੍ਹਤੀਆਂ ਦੀਆਂ ਮੰਗਾਂ ਪੰਜਾਬ ਤੇ ਕੇਂਦਰ ਸਰਕਾਰ ਨੇ ਨਾ ਮੰਨੀਆਂ ਤਾਂ 1 ਅਪ੍ਰੈਲ ਨੂੰ ਸਾਰੇ ਪੰਜਾਬ ਦੀਆਂ ਮੰਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ | ਇਸ ਫ਼ੈਸਲੇ ਦੀ ਸਾਰੇ ਆੜ੍ਹਤੀਆਂ ਨੇ ਤਾਈਦ ਕੀਤੀ ਸੀ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ ਮੰਗ ਹੈ ਕਿ ਢਾਈ ਪ੍ਰਤੀਸ਼ਤ ਆੜ੍ਹਤ ਜੋ ਕਿ ਮੰਡੀ ਬੋਰਡ ਐਕਟ ਦੇ ਮੁਤਾਬਿਕ ਹੈ ਉਹ ਦਿੱਤੀ ਜਾਵੇ | ਇਸ ਮੌਕੇ ਇਕੱਤਰ ਆੜ੍ਹਤੀਆਂ ਨੇ ਅੰਮਿ੍ਤਸਰ ਵਿਖੇ ਡੀ.ਐਮ. ਵੇਅਰ ਹਾਊਸ ਗਗਨਦੀਪ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਕਿਹਾ ਕਿ ਜੋ ਮੋਗਾ ਮੰਡੀ ਦੇ ਵਿਚ ਹੁਣ ਤੱਕ ਪਾਣੀ ਦੀ ਸਮੱਸਿਆ ਸੀ ਉਸ ਨੂੰ ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਭਗਵੰਤ ਮਾਨ ਸਰਕਾਰ ਤੋਂ ਉਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਹੈ ਜਿਹੜਾ ਕਿ 1971 ਤੋਂ ਬਾਅਦ ਵਾਟਰ ਸਪਲਾਈ ਦੀ ਨਵੀਂ ਲਾਈਨ ਨਹੀਂ ਪਈ ਸੀ ਉਹ ਨਵੀਂ ਲਾਈਨ ਪਾ ਕੇ ਪੱਕੇ ਤੌਰ 'ਤੇ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਪਾਣੀ ਦੀ ਸਪਲਾਈ ਦੇ ਦਿੱਤੀ ਹੈ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਕੱਤਰ ਰਾਹੁਲ ਗਰਗ, ਕੈਸ਼ੀਅਰ ਹਿਤੇਸ਼ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਅਜੇ ਮੰਗਲਾ, ਨੈਬ ਸਿੰਘ, ਰਾਜੇਸ਼ ਅਰੋੜਾ, ਵਿਨੋਦ ਰਾਜਪਾਲ, ਵਿਪਨ ਕੁਮਾਰ ਬਿੱਟਾ, ਸੇਵਕ ਸਿੰਘ, ਤਰਸੇਮ ਲਾਲ, ਵਿਨੋਦ ਕੁਮਾਰ, ਵੈਬਵ ਸਿੰਗਲਾ, ਡਿੰਪਲ, ਸੁਰਜੀਤ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |