ਚੌਕ ਮਹਿਤਾ, 3 ਜੂਨ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਜੂਨ 1984 (ਤੀਸਰਾ ਘੱਲੂਘਾਰਾ) ਦੇ ਸਮੂਹ ਸ਼ਹੀਦਾਂ ਦੀ ਸਦੀਵੀਂ ਯਾਦ ਨੂੰ ਸਮਰਪਿਤ ਅੱਜ 42ਵਾਂ ਮਹਾਨ ਸ਼ਹੀਦੀ ਜੋੜ ਮੇਲਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਸੰਸਾਰ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੱਜ ਸ਼ਹੀਦੀ ਹਫ਼ਤੇ ਦੇ ਤੀਸਰੇ ਦਿਨ ਭਾਰੀ ਧਾਰਮਿਕ ਦੀਵਾਨ ਸਜਾਏ ਗਏ | ਜਿਸ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹਜ਼ਾਰਾਂ ਦੀ ਤਦਾਦ ਵਿਚ ਜੁੜੀਆਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਤੇ ਤਪੱਸਵੀ ਜੀਵਨ ਦਾ ਪਾਵਨ ਇਤਿਹਾਸ ਸਰਵਣ ਕਰਵਾਇਆ | ਇਸ ਸਮੇਂ ਗਿਆਨੀ ਖਾਲਸਾ ਭਿੰਡਰਾਂਵਾਲਿਆਂ ਨੇ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸਦਕਾ ਸਿੱਖ ਕੌਮ ਅੱਜ ਪੂਰੀ ਦੁਨੀਆਂ ਵਿਚ ਚੜਦੀ ਕਲਾ ਦੇ ਜੈਕਾਰੇ ਗਜਾ ਰਹੀ ਹੈ | ਉਨ੍ਹਾਂ ਕਿਹਾ ਕਿ 5 ਜੂਨ ਤੱਕ ਰੋਜ਼ਾਨਾ ਸ਼ਾਮ 4 ਤੋਂ 6 ਵਜੇ ਤੱਕ ਕਥਾ ਕੀਰਤਨ ਦਾ ਨਿਰੰਤਰ ਪ੍ਰਵਾਹ ਚਲੇਗਾ | 6 ਜੂਨ ਨੂੰ 42ਵੇਂ ਮੁੱਖ ਤੇ ਮਹਾਨ ਸ਼ਹੀਦੀ ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਲਾਮਿਸਾਲ ਪੰਥਕ ਇਕੱਠ ਹੋਵੇਗਾ | ਗਿਆਨੀ ਖਾਲਸਾ ਨੇ ਸਮੂਹ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿਚ ਵੱਧ ਚੜ ਕੇ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ | ਅੰਤ 'ਚ ਪਿ੍ੰ. ਗੁਰਦੀਪ ਸਿੰਘ ਰੰਧਾਵਾ ਨੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਬਲਵਿੰਦਰ ਸਿੰਘ ਦੁਮੇਲੀਆ ਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ, ਸੰਤ ਬਾਬਾ ਗੁਰਦੇਵ ਸਿੰਘ ਜੀ ਡੇਰਾ ਭਗਤਾਂ ਦਾ ਤਰਸਿੱਕਾ, ਵੈਦ ਗੁਰਮੀਤ ਸਿੰਘ ਬੱਦੋਵਾਲ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਬਲਵਿੰਦਰ ਸਿੰਘ ਕੈਲੀਆਂ ਵਾਲੇ, ਚੇਅਰਮੈਨ ਲਖਵਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਸ਼ਾਹ, ਜਥੇ. ਰਾਜਬੀਰ ਸਿੰਘ, ਜਤਿੰਦਰ ਸਿੰਘ ਲੱਧਾਮੁੰਡਾ, ਇਕਬਾਲ ਸਿੰਘ ਮਾਨ, ਗੁਰਮੀਤ ਸਿੰਘ ਮਾਨ, ਪਿ੍ੰ. ਹਰਸ਼ਦੀਪ ਸਿੰਘ ਰੰਧਾਵਾ, ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਬਲਕਾਰ ਸਿੰਘ ਪੀ. ਬੀ. ਐੱਸ., ਪਿ੍ੰ. ਗੁਰਦੀਪ ਸਿੰਘ ਜਲਾਲਉਸਮਾਂ, ਹਰਜਿੰਦਰ ਸਿੰਘ ਜੱਜ, ਰਾਜਾ ਚੌਧਰੀਵਾਲ, ਕਸ਼ਮੀਰ ਸਿੰਘ ਕਾਲਾ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਮੌਜੂਦ ਸਨ |
ਦਮਦਮੀ ਟਕਸਾਲ ਵਿਖੇ 42ਵੇਂ ਸ਼ਹੀਦੀ ਜੋੜ ਮੇਲੇ ਮੌਕੇ ਵਿਦੇਸ਼ਾਂ ਤੋਂ ਸੰਗਤਾਂ ਦੀ ਆਮਦ ਸ਼ੁਰੂ
ਅਜੀਤ ਡੈਸਕ
04-06-2026