ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 2 ਜੂਨ-ਪੰਜਾਬ ਕਾਂਗਰਸ ਲੀਡਰਸ਼ਿਪ ਵਿਚ ਤਬਦੀਲੀ ਨੂੰ ਲੈ ਕੇ ਅੱਜ ਦਿੱਲੀ 'ਚ ਹੋਈ ਅਹਿਮ ਮੀਟਿੰਗ ਵਿਚ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ | ਦਿੱਲੀ ਦਰਬਾਰ ਦੇ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਨ ਅਜੇ ਵੀ ਦੁਵਿਧਾ ਵਿਚ ਫਸੀ ਹੋਈ ਹੈ | ਅੱਜ ਦਿੱਲੀ ਵਿਚ ਕੁਲਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਦੇ ਘਰ ਹੋਈ ਮੀਟਿੰਗ ਵਿਚ ਹਾਲਾਂਕਿ ਪੰਜਾਬ ਦੀ ਲੀਡਰਸ਼ਿਪ ਸ਼ਾਮਿਲ ਨਹੀਂ ਹੋਈ ਪਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੇ ਕੇ.ਸੀ. ਵੇਨੁ ਗੋਪਾਲ ਇਸ ਮੀਟਿੰਗ ਵਿਚ ਹਾਜ਼ਰ ਸਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵਿਚ ਵੱਡੇ ਬਦਲਾਅ ਨੂੰ ਲੈ ਕੇ ਅੱਜ ਫੈਸਲਾ ਹੋਣ ਦੀਆਂ ਜੋ ਸੰਭਾਵਨਾਵਾਂ ਸੀ ਉਸ ਵਿਚ ਫਿਰ ਪੇਚ ਫਸ ਗਿਆ ਹੈ ਜਿਸ ਦੇ ਚੱਲਦੇ ਅੱਜ ਵੀ ਹਾਈ ਕਮਾਨ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ | ਦਿੱਲੀ ਦਰਬਾਰ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਅੱਜ ਦੀ ਉੱਚ ਪੱਧਰੀ ਮੀਟਿੰਗ ਵਿਚ ਦੋ ਸਰਵੇਖਣਾਂ 'ਤੇ ਚਰਚਾ ਕੀਤੀ ਗਈ ਸੀ, ਜਿਸ ਵਿਚ ਇਕ ਸਰਵੇਖਣ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਕਰਵਾਇਆ ਦੱਸਿਆ ਜਾ ਰਿਹਾ ਹੈ ਤੇ ਦੂਜਾ ਸਰਵੇਖਣ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਨਿੱਜੀ ਤੌਰ 'ਤੇ ਕਰਵਾਇਆ ਗਿਆ ਸੀ | ਦੋਨਾਂ ਸਰਵੇਖਣਾਂ ਤੋਂ ਬਾਅਦ ਆਈ ਰਿਪੋਰਟ ਵਿਚ ਵਖਰੇਵੇਂ ਦੇ ਚਲਦੇ ਅੱਜ ਵੀ ਕੋਈ ਫੈਸਲਾ ਨਹੀਂ ਹੋ ਸਕਿਆ | ਦੱਸਿਆ ਜਾ ਰਿਹਾ ਹੈ ਕਿ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਕਿ ਮੌਜੂਦਾ ਲੀਡਰਸ਼ਿਪ ਵਿਚ ਤਬਦੀਲੀ ਨਾ ਕੀਤੀ ਜਾਵੇ ਤੇ ਇਸ ਲੀਡਰਸ਼ਿਪ ਦੀ ਅਗਵਾਈ ਵਿਚ ਹੀ ਜੇਕਰ ਪੰਜਾਬ ਕਾਂਗਰਸ ਚੋਣਾਂ ਲੜਦੀ ਹੈ ਤਾਂ ਪਾਰਟੀ ਨੂੰ ਪੰਜਾਬ ਵਿਚ 60 ਤੋਂ 65 ਸੀਟਾਂ ਆਸਾਨੀ ਨਾਲ ਆਉਣਗੀਆਂ ਜਦਕਿ ਦੂਸਰੀ ਰਿਪੋਰਟ ਵਿਚ ਇਹ ਨਤੀਜਾ ਸਾਹਮਣੇ ਆਇਆ ਕਿ ਜੇਕਰ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਲੜੀਆਂ ਜਾਂਦੀਆਂ ਹਨ ਤਾਂ ਨਾ ਹੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇਗੀ ਸਗੋਂ ਮੌਜੂਦਾ ਲੀਡਰਸ਼ਿਪ ਵਿਚ ਵੱਡੀ ਤਬਦੀਲੀ ਕਰਨਾ ਵੀ ਸਮੇਂ ਦੀ ਮੰਗ ਦੱਸਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਿਪੋਰਟਾਂ 'ਤੇ ਲੰਮੀ ਚਰਚਾ ਤੋਂ ਬਾਅਦ ਫਿਲਹਾਲ ਲੀਡਰਸ਼ਿਪ ਵਿਚ ਤਬਦੀਲੀ ਦਾ ਫੈਸਲਾ ਕੁਝ ਸਮੇਂ ਲਈ ਫਿਰ ਟਲ ਗਿਆ ਹੈ ਤੇ ਕਾਂਗਰਸ ਹਾਈ ਕਮਾਨ ਦੁਬਾਰਾ ਸਰਵੇਖਣ ਕਰਾਉਣ ਦੀ ਤਿਆਰੀ ਵਿਚ ਹੈ ਜੋ ਆਉਂਦੇ ਕੁਝ ਦਿਨਾਂ ਵਿਚ ਨੇਪਰੇ ਚਾੜਿਆ ਜਾ ਸਕਦਾ ਹੈ | ਫਿਲਹਾਲ ਪੰਜਾਬ ਦੇ ਅੱਧਾ ਦਰਜਨ ਤੋਂ ਜ਼ਿਆਦਾ ਆਗੂਆਂ ਵਲੋਂ ਪ੍ਰਧਾਨਗੀ ਦੀ ਦੌੜ ਲਈ ਰੱਸਾਕਸ਼ੀ ਕੀਤੀ ਜਾ ਰਹੀ ਹੈ ਪਰ ਹਾਈ ਕਮਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਚਲਦੇ ਫੂਕ ਫੂਕ ਕੇ ਕਦਮ ਰੱਖਦੀ ਦਿਖਾਈ ਦੇ ਰਹੀ ਹੈ |
ਪੰਜਾਬ ਕਾਂਗਰਸ ਵਿਚ ਵੱਡੇ ਬਦਲਾਅ ਨੂੰ ਲੈ ਕੇ ਫਿਰ ਫਸਿਆ ਪੇਚ, ਦੁਬਿਧਾ 'ਚ ਹਾਈਕਮਾਨ, ਲੀਡਰਸ਼ਿਪ ਤਬਦੀਲੀ ਲਈ ਕੀਤੇ ਸਰਵੇਖਣਾਂ 'ਤੇ ਨਹੀਂ ਬਣ ਪਾਈ ਕੋਈ ਸਹਿਮਤੀ <br/>
ਅਜੀਤ ਡੈਸਕ
03-06-2026